ਪੰਜਾਬ ਵਿਚ ਜਿਲ੍ਹਾ ਹੁਸ਼ਿਆਰਪੁਰ, ਦਸੂਹਾ ਦੇ ਪਿੰਡ ਜੁਗਿਆਲ ਵਿਚ ਇਕਦਮ ਸਾਹਮਣੇ ਆਏ ਪਸ਼ੂ ਨੂੰ ਬਚਾਉਣ ਦੀ ਕੀਤੀ ਕੋਸ਼ਿਸ਼ ਵਿਚ ਮੋਟਰਸਾਈਕਲ ਸਵਾਰ ਬੇਕਾਬੂ ਹੋ ਕੇ ਕੰਢੀ ਨਹਿਰ ਵਿਚ ਜਾ ਡਿੱਗੇ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੀਤਿਕਾ ਉਮਰ 22 ਸਾਲ ਪਤਨੀ ਰਵੀ ਕੁਮਾਰ ਵਾਸੀ ਪਿੰਡ ਨਾਹਰਪੁਰ ਥਾਣਾ ਮੁਕੇਰੀਆਂ ਦੀ ਨਹਿਰ ਵਿਚ ਡੁੱਬਣ ਕਾਰਨ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦਾ ਡੇਢ ਕੁ ਮਹੀਨਾ ਪਹਿਲਾਂ ਵਿਆਹ ਹੋਇਆ ਸੀ। ਜਦੋਂ ਕਿ ਚਾਲਕ ਤੈਰਨਾ ਜਾਣਦਾ ਸੀ, ਜਿਸ ਕਾਰਨ ਉਹ ਨਹਿਰ ਚੋਂ ਬਾਹਰ ਆ ਗਿਆ। ਮੋਟਰਸਾਈਕਲ ਸਵਾਰ ਸਕੇ ਭੈਣ-ਭਰਾ ਹਨ। ਦੋਵੇਂ ਹਾਜੀਪੁਰ ਤੋਂ ਦਵਾਈ ਲੈ ਕੇ ਘਰ ਨੂੰ ਜਾ ਰਹੇ ਸਨ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਪਿੰਡ ਸਿੰਗੋਵਾਲ ਸਥਿਤ ਆਪਣੇ ਪੇਕੇ ਘਰ ਆਈ ਹੋਈ ਸੀ। ਬੀਮਾਰ ਹੋਣ ਕਾਰਨ ਉਹ ਆਪਣੇ ਭਰਾ ਰਮਨ ਕੁਮਾਰ ਨਾਲ ਹਾਜੀਪੁਰ ਦਵਾਈ ਲੈਣ ਦੇ ਲਈ ਗਈ ਸੀ। ਉਥੋਂ ਵਾਪਸ ਆਉਂਦੇ ਸਮੇਂ ਦੋਵੇਂ ਕੰਢੀ ਨਹਿਰ ਦੇ ਕੰਢੇ ਪਿੰਡ ਸਵਾੜ ਵੱਲ ਜਾ ਰਹੇ ਸਨ। ਜੁਗਿਆਲ ਪੁਲ ਦੇ ਨੇੜੇ ਅਚਾਨਕ ਇੱਕ ਗਾਂ ਮੋਟਰਸਾਈਕਲ ਅੱਗੇ ਆ ਗਈ, ਜਿਸ ਕਾਰਨ ਸੰਤੁਲਨ ਵਿਗੜ ਗਿਆ ਅਤੇ ਦੋਵੇਂ ਭੈਣ-ਭਰਾ ਨਹਿਰ ਦੇ ਵਿੱਚ ਜਾ ਡਿੱਗੇ।
ਰਮਨ ਕੁਮਾਰ ਤੈਰਨਾ ਜਾਣਦਾ ਸੀ ਉਹ ਨਹਿਰ ਵਿੱਚੋਂ ਬਾਹਰ ਆ ਗਿਆ। ਜਦੋਂ ਕਿ ਉਸ ਦੀ ਭੈਣ ਨੀਤਿਕਾ ਪਾਣੀ ਵਿਚ ਰੁੜ੍ਹ ਗਈ। ਭਰਾ ਨੇ ਭੈਣ ਦੇ ਕਿਤੇ ਨਾ ਦਿਖਣ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦੀਆਂ ਹਾਕਾਂ ਸੁਣ ਕੇ ਰਾਹਗੀਰ ਆ ਗਏ। ਉਸ ਨੇ ਭੈਣ ਦੇ ਨਹਿਰ ਵਿੱਚ ਡੁੱਬਣ ਬਾਰੇ ਦੱਸਿਆ। ਰਮਨ ਕੁਮਾਰ ਨੇ ਰਾਹਗੀਰਾਂ ਦੀ ਮਦਦ ਨਾਲ ਆਪਣੀ ਭੈਣ ਨੀਤਿਕਾ ਨੂੰ ਲੱਭਣ ਦੀ ਕੋਸ਼ਿਸ਼ ਸ਼ੁਰੂ ਕੀਤੀ।
ਥੋੜ੍ਹੀ ਦੇਰ ਬਾਅਦ ਦੇਹ ਪਾਣੀ ਉਤੇ ਤੈਰਦੀ ਦਿਖੀ
ਕਾਫੀ ਦੇਰ ਤਲਾਸ਼ ਕਰਨ ਤੋਂ ਬਾਅਦ ਜਦੋਂ ਸਾਰੇ ਲੋਕ ਪੁਲ ਉਤੇ ਪਹੁੰਚੇ ਤਾਂ ਕੁਝ ਕੁ ਦੇਰ ਬਾਅਦ ਪਾਣੀ ਉਤੇ ਤੈਰਦੀ ਦੇਹ ਦਿਖਾਈ ਦਿੱਤੀ। ਮ੍ਰਿਤਕ ਦੇ ਭਰਾ ਨੇ ਇਸ ਮਾਮਲੇ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਅਤੇ ਥਾਣਾ ਹਾਜੀਪੁਰ ਨੂੰ ਦਿੱਤੀ। ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਭੇਜਿਆ ਗਿਆ।
ਇਕ ਮਹੀਨੇ ਵਿਚ ਹੋਇਆ ਤੀਜਾ ਹਾਦਸਾ
ਇਸ ਨਹਿਰ ਵਿਚ ਡੁੱਬਣ ਕਾਰਨ ਚਾਰ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਜਿੱਥੇ ਇਸ ਤੋਂ ਪਹਿਲਾਂ ਪਿੰਡ ਬਡਲਾ ਨੇੜੇ ਨਹਾਉਂਦੇ ਸਮੇਂ ਗੜ੍ਹਦੀਵਾਲਾ ਦੇ ਇੱਕ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਕਾਰਨ ਮੌ-ਤ ਹੋਈ ਸੀ। ਦੂਜੇ ਪਾਸੇ ਕੁਝ ਦਿਨ ਪਹਿਲਾਂ ਹੀ ਪਿੰਡ ਸੋਹੜਾ ਦੇ ਦੋ ਨੌਜਵਾਨਾਂ ਦੀ ਮੌ-ਤ ਹੋ ਗਈ ਸੀ ਅਤੇ ਹੁਣ ਇਸ ਹਾਦਸੇ ਵਿੱਚ ਲੜਕੀ ਦੀ ਵੀ ਮੌ-ਤ ਹੋ ਗਈ।
ਇਲਾਕੇ ਦੇ ਲੋਕਾਂ ਵਲੋਂ ਨਹਿਰ ਦੇ ਨਾਲ ਚਾਰਦੀਵਾਰੀ ਕਰਨ ਦੀ ਮੰਗ ਕੀਤੀ ਗਈ ਸੀ, ਪਰ ਕਿਸੇ ਵੀ ਤਰ੍ਹਾਂ ਦੀ ਕੰਧ ਜਾਂ ਵੱਡੇ ਜਾਲ ਦਾ ਨਿਰਮਾਣ ਨਹੀਂ ਹੋ ਸਕਿਆ। ਜਿਸ ਕਾਰਨ ਪੈਦਲ ਚੱਲਣ ਵਾਲੇ ਛੋਟੇ-ਮੋਟੇ ਹਾਦਸਿਆਂ ਵਿੱਚ ਨਹਿਰ ਵਿੱਚ ਡਿੱਗ ਰਹੇ ਹਨ। ਇਸ ਦੇ ਨਾਲ ਹੀ ਅਵਾਰਾ ਪਸ਼ੂ ਵੀ ਅਜਿਹੀ ਘਟਨਾ ਦਾ ਕਾਰਨ ਬਣ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਨਹਿਰ ਦੇ ਨਾਲ ਦੀਵਾਰ ਬਣਾ ਕੇ ਪਸ਼ੂਆਂ ਲਈ ਲੋੜੀਂਦੇ ਉਪਰਾਲੇ ਕੀਤੇ ਜਾਣ ਤਾਂ ਜੋ ਰਾਹਗੀਰ ਆਰਥਿਕ ਨੁਕਸਾਨ ਤੋਂ ਬਚ ਸਕਣ।