ਪੰਜਾਬ ਤੋਂ ਕਰੀਬ ਅੱਠ ਮਹੀਨੇ ਪਹਿਲਾਂ ਕੈਨੇਡਾ ਗਏ ਤਰਨਤਾਰਨ ਦੇ ਨੌਜਵਾਨ ਦੀ ਦਿਲ ਦਾ ਅਟੈਕ ਆਉਣ ਕਰਕੇ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਤਰਨਤਾਰਨ ਦੇ ਪਿੰਡ ਢੋਟੀਆਂ ਵਾਸੀ ਨਵਜੋਤ ਸਿੰਘ ਉਮਰ ਕਰੀਬ 27 ਸਾਲ ਦੇ ਰੂਪ ਵਜੋਂ ਹੋਈ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸੂਬਾ ਅਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਪਰਿਵਾਰ ਦੇ ਇਕ-ਲੌਤੇ ਪੁੱਤਰ ਦੇ ਚਲੇ ਜਾਣ ਕਾਰਨ ਘਰ ਵਿਚ ਸੋਗ ਦਾ ਮਾਹੌਲ ਹੈ।
ਇਸ ਮਾਮਲੇ ਬਾਰੇ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਵਿਆਹ ਕੁਝ ਸਾਲ ਪਹਿਲਾਂ ਰਮਨਦੀਪ ਕੌਰ ਨਾਲ ਹੋਇਆ ਸੀ। ਰਮਨਦੀਪ ਕੌਰ ਵਿਦੇਸ਼ ਚਲੀ ਗਈ। ਜਿਸ ਤੋਂ ਬਾਅਦ ਉਸ ਨੇ 8 ਮਹੀਨੇ ਪਹਿਲਾਂ ਨਵਜੋਤ ਸਿੰਘ ਨੂੰ ਕੈਨੇਡਾ ਬੁਲਾ ਲਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੇ ਅਟੈਕ ਆਉਣ ਤੋਂ 15 ਮਿੰਟ ਪਹਿਲਾਂ ਘਰ ਫੋਨ ਕੀਤਾ ਸੀ। ਉਸ ਨੇ ਆਖ਼ਰੀ ਗੱਲ ਆਪਣੀ ਭੈਣ ਕਮਲਦੀਪ ਕੌਰ ਦੇ ਨਾਲ ਕੀਤੀ ਸੀ। ਕਮਲਦੀਪ ਕੌਰ ਨੇ ਦੱਸਿਆ ਕਿ ਭਰਾ ਨੇ ਉਸ ਨੂੰ ਕਿਹਾ ਕਿ ਉਹ ਨਹਾਉਣ ਤੋਂ ਬਾਅਦ 15 ਮਿੰਟਾਂ ਵਿੱਚ ਵਾਪਸ ਫਿਰ ਫ਼ੋਨ ਕਰੇਗਾ ਅਤੇ ਫ਼ੋਨ ਕੱਟ ਦਿੱਤਾ।
ਪਤਨੀ ਨੇ ਪਰਿਵਾਰ ਨੂੰ ਦਿੱਤੀ ਸੂਚਨਾ
ਉਨ੍ਹਾਂ ਦੱਸਿਆ ਕਿ ਕੁਝ ਘੰਟਿਆਂ ਬਾਅਦ ਰਮਨਦੀਪ ਕੌਰ ਦਾ ਫ਼ੋਨ ਆਇਆ। ਜਿਸ ਨੇ ਫੋਨ ਉਤੇ ਨਵਜੋਤ ਸਿੰਘ ਦੀ ਮੌ-ਤ ਦੀ ਜਾਣਕਾਰੀ ਦਿੱਤੀ। ਰਮਨਦੀਪ ਕੌਰ ਨੇ ਦੱਸਿਆ ਕਿ ਨਵਜੋਤ ਸਿੰਘ ਨਹਾਉਣ ਲਈ ਬਾਥਰੂਮ ਗਿਆ ਸੀ। ਉਸ ਨੇ ਅਜੇ ਆਪਣੇ ਕੱਪੜੇ ਵੀ ਨਹੀਂ ਉਤਾਰੇ ਸਨ ਕਿ ਉਹ ਹੇਠਾਂ ਡਿੱਗ ਪਿਆ। ਉਸ ਦੀ ਅਵਾਜ਼ ਸੁਣ ਕੇ ਉਹ ਵੀ ਬਾਥਰੂਮ ਵੱਲ ਭੱਜੀ, ਡਿੱਗਿਆ ਦੇਖ ਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਡਾਕਟਰਾਂ ਨੇ ਕੀਤਾ ਮ੍ਰਿਤਕ ਐਲਾਨ
ਪਰਿਵਾਰਕ ਮੈਂਬਰਾਂ ਨੂੰ ਰਮਨਦੀਪ ਕੌਰ ਨੇ ਦੱਸਿਆ ਕਿ ਨਵਜੋਤ ਸਿੰਘ ਨੂੰ ਉਹ ਤੁਰੰਤ ਹੀ ਹਸਪਤਾਲ ਲੈ ਗਏ। ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਅੱਧਾ ਘੰਟਾ ਪਹਿਲਾਂ ਉਸ ਦੀ ਮੌ-ਤ ਹੋ ਚੁੱਕੀ ਹੈ। ਨਵਜੋਤ ਸਿੰਘ ਪਰਿਵਾਰ ਦਾ ਇਕ-ਲੌਤਾ ਪੁੱਤਰ ਸੀ। ਪਰਿਵਾਰ ਵੱਲੋਂ ਉਸ ਦੀ ਦੇਹ ਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।