ਪੰਜਾਬ ਦੇ ਜਿਲ੍ਹਾ ਜਲੰਧਰ ਤੋਂ ਇਕ ਬਹੁਤ ਹੀ ਦੁਖ-ਦਾਈ ਖ਼ਬਰ ਸਾਹਮਣੇ ਆਈ ਹੈ। ਜਲੰਧਰ ਜਿਲ੍ਹੇ ਦੇ ਅੱਪਰਾ ਦੇ ਨੇੜਲੇ ਪਿੰਡ ਸਮਰਾੜੀ ਵਿੱਚ ਬਾਬਾ ਨੂਰ ਸ਼ਾਹ ਜੀ ਦੇ ਅਸਥਾਨ ਉਤੇ ਲੱਗੇ ਜੋੜ ਮੇਲੇ ਦੇ ਆਖਰੀ ਦਿਨ ਰਾਤ ਨੂੰ 1.30 ਵਜੇ ਦੇ ਕਰੀਬ ਇੱਕ 23 ਸਾਲ ਉਮਰ ਦੇ ਨੌਜਵਾਨ ਦਾ ਕੁਝ ਨੌਜਵਾਨਾਂ ਵੱਲੋਂ ਬੇ-ਕਿਰਕੀ ਨਾਲ ਕ-ਤ-ਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗਗਨਦੀਪ ਸਿੰਘ ਪੁੱਤਰ ਤਿਲਕ ਰਾਜ (ਸਾਬਕਾ ਪੁਲਿਸ ਅਧਿਕਾਰੀ) ਵਾਸੀ ਪਿੰਡ ਬੰਡਾਲਾ ਮੰਜਕੀ ਜਿਲ੍ਹਾ (ਜਲੰਧਰ) ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਜਾਂਚ ਅਧਿਕਾਰੀ ਐੱਸ. ਐੱਚ. ਓ. ਫਿਲੌਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਕ-ਤ-ਲ ਦੀ ਜਾਂਚ ਚੱਲ ਰਹੀ ਹੈ ਪਰ ਹੁਣ ਤੱਕ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਮੁਤਾਬਕ ਇਹ ਇੱਕ ਸੋਚ ਅਤੇ ਸਮਝ ਕੇ ਕੀਤਾ ਗਿਆ ਕ-ਤ-ਲ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ 8 ਵਿਅਕਤੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਨ੍ਹਾਂ ਵਿਚੋਂ 6 ਲੋਕਾਂ ਦੇ ਨਾਮ ਸਾਹਮਣੇ ਆ ਚੁੱਕੇ ਹਨ ਅਤੇ ਬਾਕੀ ਰਹਿੰਦੇ 2 ਲੋਕਾਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।
ਅੱਗੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਆਪਣੀ ਭੂਆ ਦੇ ਪਿੰਡ ਸਮਰਾੜੀ ਮੇਲਾ ਦੇਖਣ ਦੇ ਲਈ ਆਇਆ ਸੀ ਪਰ ਕੁਝ ਨੌਜਵਾਨਾਂ ਨੇ ਉਸ ਦਾ ਕ-ਤ-ਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਪੂਰੀ ਕਰ ਲਈ ਜਾਵੇਗੀ। ਪੁਲਿਸ ਚੌਂਕੀ ਅੱਪਰਾ ਦੇ ਇੰਚਾਰਜ ਸੁਖਵਿੰਦਰ ਸਿੰਘ ਮੁਲਤਾਨੀ ਅਤੇ ਉਨ੍ਹਾਂ ਦੀ ਪੁਲਿਸ ਟੀਮ ਜਾਂਚ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੀ ਹਕੀਕਤ ਸਾਹਮਣੇ ਆ ਜਾਵੇਗੀ।