ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਖੰਨਾ ਦੇ ਭੱਟੀਆਂ ਏਰੀਏ ਵਿਚ ਸਥਿਤ ਖੰਨਾ ਨਰਸਿੰਗ ਹੋਮ ਵਿਚ ਬੁੱਧਵਾਰ ਸ਼ਾਮ 7 ਵਜੇ ਦੇ ਕਰੀਬ ਇਕ ਮਰੀਜ਼ ਦੀ ਮੌ-ਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। ਉਨ੍ਹਾਂ ਵਲੋਂ ਹਸਪਤਾਲ ਵਿੱਚ ਭੰਨ-ਤੋੜ ਕੀਤੀ ਗਈ ਅਤੇ ਡਾਕਟਰ ਉਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਗਈ। ਇਸ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਭਰੋਸੇ ਵਿਚ ਲੈ ਕੇ ਸ਼ਾਂਤ ਕੀਤਾ ਗਿਆ।
ਮ੍ਰਿਤਕ ਦੀ ਪਹਿਚਾਣ ਸਤਨਾਮ ਸਿੰਘ ਉਮਰ 55 ਸਾਲ ਵਾਸੀ ਮਾਡਲ ਟਾਊਨ ਵਾਰਡ ਨੰਬਰ 2 ਸਮਰਾਲਾ ਰੋਡ ਖੰਨਾ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਮ੍ਰਿਤਕ ਦੇ ਭਾਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਸਤਨਾਮ ਸਿੰਘ ਕੁਝ ਦਿਨ ਪਹਿਲਾਂ ਖੰਨਾ ਨਰਸਿੰਗ ਹੋਮ ਵਿਚ ਆਇਆ ਸੀ। ਉਥੇ ਚੈਕਅੱਪ ਤੋਂ ਬਾਅਦ ਉਸ ਦੇ ਭਰਾ ਨੂੰ ਦੱਸਿਆ ਗਿਆ ਕਿ ਉਸ ਦਾ ਮਾਮੂਲੀ ਜਿਹਾ ਅਪਰੇਸ਼ਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਸ ਦੀ ਸਿਹਤ ਬਿਲਕੁੱਲ ਠੀਕ ਹੋ ਜਾਵੇਗੀ।
ਐਡਵਾਂਸ ਲਏ ਗਏ 11 ਹਜ਼ਾਰ ਰੁਪਏ
ਉਸ ਦਾ ਭਰਾ ਘਰ ਤੋਂ ਬੁੱਧਵਾਰ ਸਵੇਰੇ ਖੁਦ ਮੋਟਰਸਾਈਕਲ ਉਤੇ ਸਵਾਰ ਹੋ ਕੇ ਹਸਪਤਾਲ ਪਹੁੰਚਿਆ ਸੀ। ਸ਼ਾਮ ਨੂੰ ਉਸ ਦੇ ਭਰਾ ਨੂੰ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ। ਕੁਝ ਮਿੰਟਾਂ ਬਾਅਦ, ਬਾਹਰ ਆ ਕੇ ਕਿਹਾ ਗਿਆ ਕਿ ਮਰੀਜ਼ ਦੀ ਮੌ-ਤ ਹੋ ਗਈ ਹੈ। ਦੇਹ ਨੂੰ ਘਰ ਲੈ ਜਾਓ। ਸਤਨਾਮ ਸਿੰਘ ਦੇ ਪੁੱਤਰ ਸੰਨੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਸਵੇਰੇ 11 ਵਜੇ ਦੇ ਕਰੀਬ ਖੰਨਾ ਨਰਸਿੰਗ ਹੋਮ ਲੈ ਕੇ ਆਇਆ ਸੀ। ਉਸ ਤੋਂ 11,000 ਰੁਪਏ ਐਡਵਾਂਸ ਜਮ੍ਹਾ ਕਰਵਾਏ ਗਏ।
ਇਸ ਦੇ ਨਾਲ ਹੀ ਆਯੁਸ਼ਮਾਨ ਕਾਰਡ ਵੀ ਲਿਆ ਗਿਆ। ਡਾਕਟਰ ਨੇ ਉਸ ਨੂੰ ਕਿਹਾ ਸੀ ਕਿ ਦੋ ਜਾਂ ਤਿੰਨ ਸਟੰਟ ਪੈਣਗੇ। ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ। ਸੰਨੀ ਦਾ ਦੋਸ਼ ਹੈ ਕਿ ਉਸ ਦਾ ਪਿਤਾ ਬਿਲਕੁਲ ਠੀਕ ਸੀ। ਇਲਾਜ ਵਿਚ ਇੰਨੀ ਲਾਪ੍ਰਵਾਹੀ ਵਰਤੀ ਗਈ ਕਿ ਉਸ ਦੇ ਪਿਤਾ ਦੀ ਜਾਨ ਲੈ ਲਈ।
ਦੇਹ ਲੈਣ ਤੋਂ ਪਰਿਵਾਰ ਨੇ ਕੀਤਾ ਇਨਕਾਰ
ਪਰਿਵਾਰਕ ਮੈਂਬਰਾਂ ਵਲੋਂ ਸਤਨਾਮ ਸਿੰਘ ਦੀ ਮੌ-ਤ ਤੋਂ ਬਾਅਦ ਹਸਪਤਾਲ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕੁਝ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਭੰਨ-ਤੋੜ ਕੀਤੀ। ਉਥੇ ਪਏ ਗਮਲੇ ਤੋੜੇ ਗਏ ਅਤੇ ਗਮਲਿਆਂ ਨਾਲ ਹਸਪਤਾਲ ਦੇ ਗੇਟ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਪਰ ਉਥੇ ਮੌਜੂਦ ਹੋਰ ਲੋਕਾਂ ਅਤੇ ਹਸਪਤਾਲ ਦੇ ਸਟਾਫ਼ ਨੇ ਧਰਨਾ-ਕਾਰੀਆਂ ਨੂੰ ਸ਼ਾਂਤ ਕੀਤਾ।
ਇਲਾਜ ਵਿੱਚ ਨਹੀਂ ਹੋਈ ਕੋਈ ਅਣਗਹਿਲੀ, ਡਾਕਟਰ ਪੰਕਜ
ਖੰਨਾ ਨਰਸਿੰਗ ਹੋਮ ਦੇ ਡਾ. ਪੰਕਜ ਨੇ ਕਿਹਾ ਕਿ ਇਹ ਇੱਕ ਹਾਈ ਰਿਸਕ ਕੇਸ ਸੀ। 80 ਫੀਸਦੀ ਬਲਾਕੇਜ ਸੀ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਸਭ ਕੁਝ ਪਹਿਲਾਂ ਦੱਸਿਆ ਗਿਆ ਸੀ ਕਿ ਇਸ ਕੇਸ ਵਿੱਚ ਜਾਂ ਤਾਂ ਬਾਈਪਾਸ ਸਰਜਰੀ ਹੋਵੇਗੀ ਜਾਂ ਸਟੈਂਟ ਸਟੰਟ ਪੈਣਗੇ। ਪਰਿਵਾਰ ਵਾਲਿਆਂ ਦੀ ਸਲਾਹ ਉਤੇ ਹੀ ਸਟੰਟ ਪਾਏ ਗਏ ਹਨ। ਇਸ ਦੌਰਾਨ ਮਰੀਜ਼ ਦੀ ਮੌ-ਤ ਹੋ ਗਈ। ਉਨ੍ਹਾਂ ਨੇ ਕੋਈ ਵੀ ਲਾਪ੍ਰਵਾਹੀ ਨਹੀਂ ਕੀਤੀ। ਮਰੀਜ ਪਰਿਵਾਰ ਵਾਲੇ ਬੇਬੁਨਿਆਦ ਹੀ ਦੋਸ਼ ਲਾ ਰਹੇ ਹਨ। ਇਸ ਦੇ ਨਾਲ ਹੀ ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਮਿਲੀ ਹੈ ਕਿ ਬਾਅਦ ਵਿਚ ਦੋਵਾਂ ਪੱਖਾਂ ਵਿਚਕਾਰ ਸਮਝੌਤਾ ਹੋ ਗਿਆ।