ਪੰਜਾਬ ਵਿਚ ਜਲਾਲਾਬਾਦ ਦੇ ਪਿੰਡ ਚੱਕ ਹਮੀਦ ਸੈਦੋਕੇ ਵਿੱਚ ਇੱਕ ਮਹਿਲਾ ਇੱਕ ਨੌਜਵਾਨ ਨੂੰ ਨਜਾਇਜ਼ ਸਬੰਧਾਂ ਲਈ ਬਲੈਕਮੇਲ ਕਰ ਰਹੀ ਸੀ। ਪ੍ਰੇਮੀ ਨੇ ਇੱਕ ਸਾਜ਼ਿਸ਼ ਤਹਿਤ ਮਹਿਲਾ ਨੂੰ ਪਿੰਡ ਦੇ ਸੇਮ ਨਾਲੇ ਉਤੇ ਬੁਲਾ ਕੇ ਗਲਾ ਦਬਾ ਕੇ ਕ-ਤ-ਲ ਕਰ ਦਿੱਤਾ। ਫਾਜ਼ਿਲਕਾ ਪੁਲਿਸ ਨੇ ਸਿਰਫ ਤਿੰਨ ਘੰਟਿਆਂ ਵਿਚ ਹੀ ਇਸ ਅੰਨ੍ਹੇ ਮਾਮਲੇ ਨੂੰ ਸੁਲਝਾ ਲਿਆ।
ਇਸ ਮਾਮਲੇ ਸਬੰਧੀ ਐੱਸ. ਐੱਸ. ਪੀ. ਫਾਜ਼ਿਲਕਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਚੱਕ ਹਮੀਦ ਸੈਦੋਕੇ ਦੇ ਸੇਮ ਨਾਲੇ ਦੇ ਨੇੜੇ ਇਕ 35 ਸਾਲ ਉਮਰ ਦੇ ਕਰੀਬ ਮਹਿਲਾ ਦੀ ਦੇਹ ਮਿਲੀ ਸੀ। ਇਸ ਸਬੰਧੀ ਜਾਂਚ ਲਈ ਥਾਣਾ ਸਦਰ ਜਲਾਲਾਬਾਦ ਤੋਂ ਗੁਰਵਿੰਦਰ ਕੁਮਾਰ, ਮਨਜੀਤ ਸਿੰਘ ਪੁਲਿਸ ਕਪਤਾਨ (ਇਨਵੈਸਟੀਗੇਸ਼ਨ), ਉਪ ਕਪਤਾਨ ਸੁਖਵਿੰਦਰ ਸਿੰਘ ਪੀ. ਪੀ. ਐੱਸ (ਇਨਵੈਸਟੀਗੇਸ਼ਨ) ਡੀ. ਐਸ. ਪੀ. ਜਲਾਲਾਬਾਦ ਅਤੁਲ ਸੋਨੀ ਮੌਕੇ ਉਤੇ ਪਹੁੰਚੇ ਅਤੇ ਉਨ੍ਹਾਂ ਨੇ ਵੱਖੋ ਵੱਖ ਪਿੰਡਾਂ ਦੇ ਸਰਪੰਚਾਂ ਤੋਂ ਮ੍ਰਿਤਕਾ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਉਤੇ ਸਰਪੰਚ ਪਿੰਡ ਬਹਿਕ ਖਾਸ ਨੇ ਪੁਲਿਸ ਨੂੰ ਦੱਸਿਆ ਕਿ ਇਹ ਦੇਹ ਉਨ੍ਹਾਂ ਦੇ ਪਿੰਡ ਦੀ ਮਹਿਲਾ ਭਰਾਵਾ ਬਾਈ ਦੀ ਹੈ। ਇਸ ਉਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਦੇਹ ਦੀ ਸ਼ਨਾਖਤ ਕਰਵਾਈ ਗਈ, ਜਿਸ ਉਤੇ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਧਾਰਾ 302, 201 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚਲ ਰਹੀ ਜਾਂਚ ਦੌਰਾਨ ਪਤਾ ਲੱਗਿਆ ਕਿ ਮ੍ਰਿਤਕ ਭਰਾਵਾ ਬਾਈ ਦਾ ਕ-ਤ-ਲ ਪਿੰਡ ਬਹਿਕ ਖਾਸ ਵਾਸੀ ਵਿਕਰਮ ਸਿੰਘ ਉਰਫ ਵਿੱਕੀ ਨੇ ਕੀਤਾ ਹੈ।
ਇਸ ਮਾਮਲੇ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕਾ ਦੇ ਵਿਕਰਮ ਸਿੰਘ ਉਰਫ ਵਿੱਕੀ ਨਾਲ ਸਬੰਧ ਸਨ, ਜਿਸ ਕਾਰਨ ਉਹ ਉਸ ਨੂੰ ਬਲੈਕਮੇਲ ਕਰ ਰਹੀ ਸੀ। ਇਸ ਰੰਜਿਸ਼ ਦੇ ਚੱਲਦੇ ਹੀ ਕਥਿਤ ਦੋਸ਼ੀ ਵਿਕਰਮ ਸਿੰਘ ਨੇ ਉਸ ਨੂੰ ਸੇਮ ਨਾਲੇ ਉਤੇ ਚੱਕ ਹਮੀਦ ਸੈਦੋਕੇ ਵਿਖੇ ਬੁਲਾਇਆ। ਇਥੇ ਦੋਵਾਂ ਦੀ ਕਾਫੀ ਤਕਰਾਰ ਅਤੇ ਝਗੜਾ ਹੋਇਆ। ਇਸ ਤਕਰਾਰ ਦੌਰਾਨ ਦੋਸ਼ੀ ਨੇ ਭਰਾਵਾ ਬਾਈ ਦਾ ਗਲਾ ਦਬਾ ਕੇ ਕ-ਤ-ਲ ਕਰ ਦਿੱਤਾ ਅਤੇ ਉਸ ਦੀ ਦੇਹ ਸੇਮ ਦੇ ਨਾਲੇ ਵਿੱਚ ਸੁੱਟ ਦਿੱਤੀ। ਪੁਲਿਸ ਵਲੋਂ ਇਸ ਮਾਮਲੇ ਵਿਚ ਦੋਸ਼ੀ ਵਿਕਰਮ ਸਿੰਘ ਉਰਫ ਵਿੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਨੇ ਦੱਸਿਆ ਕਿ ਦੋਸ਼ੀ ਵਿਕਰਮ ਸਿੰਘ ਉਰਫ਼ ਵਿੱਕੀ ਅਤੇ ਭਰਾਵਾ ਬਾਈ ਇੱਕੋ ਪਿੰਡ ਦੇ ਰਹਿਣ ਵਾਲੇ ਸਨ ਅਤੇ ਦੋਵੇਂ ਹੀ ਵਿਆਹੇ ਹੋਏ ਸਨ। ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿਚੋਂ ਕੰਨਾਂ ਦੀਆਂ ਵਾਲੀਆਂ ਦੀ ਇੱਕ ਜੋੜੀ ਵੀ ਬਰਾਮਦ ਕੀਤੀ ਹੈ, ਜੋ ਉਸ ਨੇ ਮ੍ਰਿਤਕ ਭਰਾਵਾ ਬਾਈ ਦਾ ਕਤਲ ਕਰਦੇ ਸਮੇਂ ਲਾਹ ਦਿੱਤੀ ਸੀ।