ਪੰਜਾਬ ਸੂਬੇ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੀਰਪੁਰ ਕੋਟਲੀ ਵਿੱਚ ਇੱਕ ਘਰ ਵਿੱਚ ਬੀਤੇ ਦਿਨ ਵਿਆਹ ਦੀਆਂ ਖੁਸ਼ੀਆਂ ਉਸ ਵਕਤ ਮਾਤਮ ਵਿੱਚ ਬਦਲ ਗਈਆਂ, ਜਦੋਂ ਭੈਣ ਦੇ ਵਿਆਹ ਵਾਲੇ ਦਿਨ ਇਕ ਹਾਦਸੇ ਦੌਰਾਨ ਭਰਾ ਦੀ ਮੌ-ਤ ਦੀ ਖਬਰ ਪਰਿਵਾਰ ਤੱਕ ਪਹੁੰਚੀ। ਇਸ ਮਾਮਲੇ ਬਾਰੇ ਜਾਂਚ ਅਧਿਕਾਰੀ ਏ. ਐਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਉਤੇ ਟ੍ਰੈਕਟਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਦੀ ਭਾਲ ਜਾਰੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਬੀਤੇ ਦਿਨ ਦੀਪਕ ਕੁਮਾਰ ਉਮਰ 23 ਸਾਲ ਦੀ ਭੈਣ ਦਾ ਵਿਆਹ ਸੀ। ਦੀਪਕ ਦਾ ਪਰਿਵਾਰ ਪਿੰਡ ਮੀਰਪੁਰ ਕੋਟਲੀ ਵਿਖੇ ਇੱਟਾਂ ਦੇ ਭੱਠੇ ਉਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਵਿਆਹ ਦਾ ਸਾਰਾ ਪ੍ਰਬੰਧ ਭੱਠੇ ਵਿੱਚ ਹੀ ਕੀਤਾ ਗਿਆ ਸੀ। ਬਰਾਤ ਘਰ ਪਹੁੰਚ ਗਈ ਸੀ। ਦੀਪਕ ਆਪਣੀ ਪਤਨੀ ਸੁਮਨ ਨਾਲ ਮੋਟਰਸਾਈਕਲ ਉਤੇ ਆਪਣੀ ਭੈਣ ਨੂੰ ਬਿਊਟੀ ਪਾਰਲਰ ਵਿਚ ਛੱਡਣ ਗਿਆ ਸੀ। ਉਥੋਂ ਵਾਪਸ ਆਉਂਦੇ ਸਮੇਂ ਦੀਪਕ ਦਾ ਮੋਟਰਸਾਈਕਲ ਇਕ ਟ੍ਰੈਕਟਰ ਨਾਲ ਟਕਰਾ ਗਿਆ।
ਪਤਨੀ ਦਾ ਹਾਲ ਗੰਭੀਰ, ਕੀਤੀ ਗਈ ਰੈਫਰ
ਪੁਲਿਸ ਦੇ ਦੱਸਣ ਅਨੁਸਾਰ ਟੱਕਰ ਇੰਨੀ ਜੋਰ-ਦਾਰ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਵਿੱਚ ਦੀਪਕ ਦੀ ਮੌ-ਤ ਹੋ ਗਈ ਅਤੇ ਪਿੱਛੇ ਬੈਠੀ ਉਸ ਦੀ ਪਤਨੀ ਸੁਮਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਮੌਕੇ ਉਤੇ ਮੌਜੂਦ ਲੋਕਾਂ ਦੀ ਮਦਦ ਨਾਲ ਦੀਪਕ ਅਤੇ ਉਸ ਦੀ ਪਤਨੀ ਸੁਮਨ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿਚ ਪਹੁੰਚਦੇ ਕੀਤਾ ਗਿਆ। ਜਿੱਥੋਂ ਡਾਕਟਰਾਂ ਨੇ ਪਤਨੀ ਸੁਮਨ ਦਾ ਹਾਲ ਗੰਭੀਰ ਦੇਖਦੇ ਹੋਏ ਉਸ ਨੂੰ ਹੁਸ਼ਿਆਰਪੁਰ ਦੇ ਪ੍ਰਾਈਵੇਟ ਹਸਪਤਾਲ ਲਈ ਰੈਫਰ ਕਰ ਦਿੱਤਾ, ਉਥੇ ਹੀ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਦੀਪਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਟ੍ਰੈਕਟਰ ਡਰਾਈਵਰ ਬਹੁਤ ਹੀ ਲਾਪ੍ਰਵਾਹੀ ਨਾਲ ਟ੍ਰੈਕਟਰ ਚਲਾ ਰਿਹਾ ਸੀ। ਦੀਪਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਦੋਸ਼ੀ ਟ੍ਰੈਕਟਰ ਡਰਾਈਵਰ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।