ਸਵਾਰੀਆਂ ਬਿਠਾ ਰਹੇ ਆਟੋ ਨੂੰ ਪਿੱਛੇ ਤੋਂ ਟਰੱਕ ਨੇ ਮਾਰੀ ਟੱਕਰ, ਦੋ ਔਰਤਾਂ ਨੇ ਤਿਆਗੀ ਜਿੰਦਗੀ, ਦੋ ਦਾ ਹਾਲ ਗੰਭੀਰ

Punjab

ਪੰਜਾਬ ਵਿਚ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਰੋਡ ਉਤੇ ਆਰ. ਸੀ. ਐਫ. ਨੇੜੇ ਬੱਸ ਸਟੈਂਡ ਉਤੇ ਖੜ੍ਹਾ ਆਟੋ ਡਰਾਈਵਰ ਕਪੂਰਥਲਾ ਲਿਜਾਣ ਦੇ ਲਈ ਆਟੋ ਵਿਚ ਸਵਾਰੀਆਂ ਨੂੰ ਬਿਠਾ ਰਿਹਾ ਸੀ। ਇਸ ਦੌਰਾਨ ਸੁਲਤਾਨਪੁਰ ਲੋਧੀ ਵੱਲੋਂ ਆ ਰਹੇ ਇੱਕ ਤੇਜ਼ ਸਪੀਡ ਟਰੱਕ ਡਰਾਈਵਰ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋ ਔਰਤਾਂ ਦੀ ਦਰੜੇ ਜਾਣ ਕਾਰਨ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਦੋ ਔਰਤਾਂ ਗੰਭੀਰ ਰੂਪ ਜ਼ਖਮੀ ਹੋ ਗਈਆਂ ਹਨ।

ਮ੍ਰਿਤਕ ਔਰਤਾਂ ਦੀ ਪਹਿਚਾਣ ਦਵਿੰਦਰ ਕੌਰ ਉਮਰ 57 ਸਾਲ ਵਾਸੀ ਦਸਮੇਸ਼ ਨਗਰ ਸੈਦੋ ਭੁਲਾਣਾ ਅਤੇ ਰਮਨਦੀਪ ਕੌਰ ਉਮਰ 26 ਸਾਲ ਪੁੱਤਰੀ ਜਸਪਾਲ ਸਿੰਘ ਵਾਸੀ ਆਰ.ਸੀ.ਐਫ. ਦੇ ਰੂਪ ਵਿਚ ਹੋਈ ਹੈ। ਜਦੋਂ ਕਿ ਜਖਮੀ ਔਰਤਾਂ ਦੀ ਪਹਿਚਾਣ ਅਨੂਦੱਤਾ ਉਮਰ 37 ਸਾਲ ਅਤੇ ਪੂਨਮ ਉਮਰ 20 ਸਾਲ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਦੋਵਾਂ ਨੂੰ ਇਲਾਜ ਦੇ ਲਈ ਆਰ. ਸੀ. ਐਫ. ਸਥਿਤ ਲਾਲਾ ਲਾਜਪਤ ਰਾਏ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪਰ ਡਿਊਟੀ ਡਾਕਟਰ ਨੇ ਉਨ੍ਹਾਂ ਦਾ ਹਾਲ ਚਿੰਤਾਜਨਕ ਦੱਸਿਆ ਹੈ।

ਜਿਸ ਕਾਰਨ ਉਨ੍ਹਾਂ ਦੇ ਰਿਸ਼ਤੇਦਾਰ ਜਲੰਧਰ ਦੇ ਹਸਪਤਾਲ ਲੈ ਗਏ। ਜਦੋਂ ਪੁਲਿਸ ਅਤੇ ਰਾਹਗੀਰ ਔਰਤਾਂ ਨੂੰ ਇਲਾਜ ਲਈ ਲਿਜਾਣ ਦੇ ਪ੍ਰਬੰਧ ਕਰ ਰਹੇ ਸਨ ਤਾਂ ਦੋਸ਼ੀ ਟਰੱਕ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਦੌੜ ਗਿਆ। ਇਸ ਮਾਮਲੇ ਬਾਰੇ ਭੁਲੱਥ ਚੌਂਕੀ ਦੇ ਇੰਚਾਰਜ ਪੂਰਨ ਚੰਦ ਨੇ ਦੱਸਿਆ ਕਿ ਉਹ ਪੁਲਿਸ ਟੀਮ ਸਮੇਤ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਆਰ. ਸੀ. ਐੱਫ. ਸਥਿਤ ਲਾਲਾ ਲਾਜਪਤ ਰਾਏ ਹਸਪਤਾਲ ਵਿਚ ਭੇਜਿਆ। ਜਿੱਥੇ ਦੋ ਔਰਤਾਂ ਨੂੰ ਡਿਊਟੀ ਡਾਕਟਰ ਨੇ ਮੁੱਢਲੀ ਜਾਂਚ ਤੋਂ ਬਾਅਦ ਮ੍ਰਿਤਕ ਐਲਾਨ ਕਰ ਦਿੱਤਾ। ਜਦੋਂ ਕਿ ਦੋ ਔਰਤਾਂ ਗੰਭੀਰ ਰੂਪ ਵਿੱਚ ਜਖਮੀ ਹਨ।

ਜਿਨ੍ਹਾਂ ਦੇ ਨਾਮ ਤਾਂ ਪਤਾ ਲੱਗ ਗਏ ਹਨ। ਪਰ ਇਹ ਪਤਾ ਨਹੀਂ ਕਿ ਉਹ ਕਿੱਥੋਂ ਦੀਆਂ ਰਹਿਣ ਵਾਲੀਆਂ ਹਨ। ਕਿਉਂਕਿ ਉਨ੍ਹਾਂ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਹ ਆਪਣੇ ਨਾਮ ਤੋਂ ਇਲਾਵਾ ਹੋਰ ਪਤਾ ਦੱਸਣ ਤੋਂ ਅਸਮਰੱਥ ਸਨ। ਇਹ ਹਾਦਸਾ ਦੁਪਹਿਰ 3:30 ਵਜੇ ਵਾਪਰਿਆ ਹੈ। ਜਦੋਂ ਆਟੋ ਡਰਾਈਵਰ ਕਪੂਰਥਲਾ ਲਿਜਾਣ ਦੇ ਲਈ ਸਵਾਰੀਆਂ ਬਿਠਾ ਰਿਹਾ ਸੀ ਤਾਂ ਸੁਲਤਾਨਪੁਰ ਲੋਧੀ ਵੱਲੋਂ ਆ ਰਹੇ 10 ਟਾਇਰਾਂ ਵਾਲੇ ਟਰੱਕ ਨੇ ਆਟੋ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਆਟੋ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਿਆ।

ਪੁਲਿਸ ਵਲੋਂ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਜਦੋਂ ਕਿ ਟਰੱਕ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਦੌੜ ਗਿਆ। ਫਿਲਹਾਲ ਪੁਲਿਸ ਨੇ ਦੋਵਾਂ ਔਰਤਾਂ ਦੀਆਂ ਦੇਹਾਂ ਨੂੰ ਆਰ. ਸੀ. ਐਫ. ਸਥਿਤ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਮ੍ਰਿਤਕ ਮਹਿਲਾਵਾਂ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *