ਹਰਿਆਣਾ ਵਿਚ ਕਰਨਾਲ ਦੇ ਆਰ. ਕੇ. ਪੁਰਮ ਵਿੱਚ ਸੋਮਵਾਰ ਦੇਰ ਰਾਤ ਨੂੰ ਇੱਕ ਵਿਆਹੁਤਾ ਮਹਿਲਾ ਦੀ ਫਾਹੇ ਉਤੇ ਲਟਕ ਰਹੀ ਦੇਹ ਮਿਲੀ ਹੈ। ਸਹੁਰੇ ਪਰਿਵਾਰ ਨੇ ਸਵੇਰੇ 4 ਵਜੇ ਪੇਕੇ ਪਰਿਵਾਰ ਦੇ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਮਾਪਿਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲੀ ਤੋਂ ਬਾਅਦ ਪੁਲਿਸ ਅਤੇ ਐਫ. ਐਸ. ਐਲ. ਦੀ ਟੀਮ ਮੌਕੇ ਉਤੇ ਪਹੁੰਚੀ ਅਤੇ ਉਨ੍ਹਾਂ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੇਕੇ ਪੱਖ ਨੇ ਸਹੁਰੇ ਪਰਿਵਾਰ ਉਤੇ ਕ-ਤ-ਲ ਦਾ ਦੋਸ਼ ਲਾਇਆ ਹੈ। ਮ੍ਰਿਤਕਾ ਦਾ ਪਤੀ 11 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਉਹ ਇੰਨੀ ਵੱਡੀ ਰਕਮ ਦੇਣ ਤੋਂ ਅਸਮਰੱਥ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਅਨੂ ਉਮਰ 25 ਸਾਲ ਵਾਸੀ ਪਿੰਡ ਬਰਾਂਸ ਦਾ ਵਿਆਹ 2012 ਵਿੱਚ ਆਰ. ਕੇ. ਪੁਰਮ ਦੇ ਰਹਿਣ ਵਾਲੇ ਅਜੈ ਨਾਲ ਹੋਇਆ ਸੀ। ਮ੍ਰਿਤਕ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦੀ ਲੜਕੀ ਨੂੰ ਸ਼ੁਰੂ ਤੋਂ ਹੀ ਤੰਗ ਕੀਤਾ ਜਾ ਰਿਹਾ ਸੀ। ਉਹ ਇੱਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਕੇ ਆਪਣੇ ਬੱਚਿਆਂ ਦੀ ਦੇਖਭਾਲ ਕਰ ਰਹੀ ਸੀ। ਜਦੋਂ ਕਿ ਉਸ ਦਾ ਪਤੀ ਘਰ ਵਿੱਚ ਹੀ ਰਹਿੰਦਾ ਸੀ, ਕੋਈ ਕੰਮ ਨਹੀਂ ਕਰਦਾ ਸੀ।
ਦਿਉਰ ਨੂੰ ਵਿਦੇਸ਼ ਭੇਜਣ ਲਈ ਮੰਗ ਰਹੇ ਸਨ 11 ਲੱਖ ਰੁਪਏ
ਮ੍ਰਿਤਕ ਮਹਿਲਾ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੀ ਧੀ ਰੋਜ਼ਾਨਾ ਉਸ ਨਾਲ ਗੱਲ ਹੁੰਦੀ ਸੀ। ਉਸ ਨੇ ਸੋਮਵਾਰ ਨੂੰ ਵੀ ਆਪਣੀ ਬੇਟੀ ਨਾਲ ਗੱਲ ਕੀਤੀ ਸੀ। ਉਹ ਦੱਸ ਰਹੀ ਸੀ ਕਿ ਉਸ ਦਾ ਪਤੀ ਅਜੈ ਆਪਣੇ ਛੋਟੇ ਭਰਾ ਮੌਂਟੀ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ। ਉਸ ਦੇ ਲਈ ਉਨ੍ਹਾਂ ਕੋਲੋਂ 11 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਕੋਲ ਦੇਣ ਲਈ ਐਨੇ ਪੈਸੇ ਨਹੀਂ ਸਨ। ਜਿਸ ਕਾਰਨ ਉਸ ਦੀ ਕੁੱਟ-ਮਾਰ ਕਰਕੇ ਉਸ ਨੂੰ ਫਾਹੇ ਤੇ ਲ-ਟ-ਕਾ ਦਿੱਤਾ।
3 ਬੱਚਿਆਂ ਦੇ ਸਿਰ ਤੋਂ ਉਠਿਆ ਮਾਂ ਦਾ ਛਾਇਆ
ਮ੍ਰਿਤਕ ਅਨੂੰ ਦੇ 3 ਬੱਚੇ ਹਨ। ਦੋ ਧੀਆਂ ਤੇ ਸਭ ਤੋਂ ਛੋਟਾ ਪੁੱਤਰ ਹੈ। ਅਨੂ ਬੈਂਕ ਵਿੱਚ ਕੰਮ ਕਰਕੇ ਤਿੰਨੋਂ ਬੱਚਿਆਂ ਦੀ ਦੇਖਭਾਲ ਕਰ ਰਹੀ ਸੀ। ਤਿੰਨਾਂ ਬੱਚਿਆਂ ਦੇ ਸਿਰ ਤੋਂ ਮਾਂ ਦਾ ਛਾਇਆ ਬਚਪਨ ਵਿੱਚ ਹੀ ਉਠ ਗਿਆ ਹੈ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਇਸ ਮਾਮਲੇ ਸਬੰਧੀ ਸੈਕਟਰ-32, 33 ਥਾਣਾ ਇੰਚਾਰਜ ਸੁਲੇਂਦਰ ਕੁਮਾਰ ਨੇ ਦੱਸਿਆ ਕਿ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਪੇਕੇ ਪੱਖ ਦੇ ਲੋਕਾਂ ਨੇ ਸਹੁਰੇ ਪੱਖ ਉਤੇ ਦੋਸ਼ ਲਾਏ ਹਨ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਸ਼ਿਕਾਇਤ ਦੇ ਆਧਾਰ ਉਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।