ਪੰਜਾਬ ਵਿਚ ਜਿਲ੍ਹਾ ਜਲੰਧਰ ਸ਼ਹਿਰ ਦੇ ਵਰਿਆਣਾ ਵਿਚ ਵੀਰਵਾਰ ਨੂੰ ਇਕ ਦੁਖ ਭਰਿਆ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਜਿੱਥੇ ਇੱਕ ਵਿਅਕਤੀ ਦੀ ਮੌ-ਤ ਹੋ ਗਈ ਹੈ। ਇਸ ਦੇ ਨਾਲ ਹੀ ਇਕ ਔਰਤ ਅਤੇ ਇਕ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਹਾਦਸਾ ਇੱਕ ਤੇਜ਼ ਸਪੀਡ ਬੱਸ ਵੱਲੋਂ ਆਟੋ ਨੂੰ ਟੱਕਰ ਮਾਰਨ ਦੇ ਕਾਰਨ ਵਾਪਰਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਨੇੜੇ ਨਾਮਦੇਵ ਚੌਕ ਦਾ ਰਹਿਣ ਵਾਲਾ ਜਗਜੀਤ ਸਿੰਘ ਆਪਣੇ ਆਟੋ ਵਿੱਚ ਇੱਕ ਮਹਿਲਾ ਸਵਾਰੀ, ਜਿਸ ਦੀ ਪਹਿਚਾਣ ਭੁਪਿੰਦਰ ਕੌਰ ਵਜੋਂ ਹੋਈ ਹੈ, ਨੂੰ ਲੈ ਕੇ ਕਪੂਰਥਲਾ ਤੋਂ ਜਲੰਧਰ ਆ ਰਿਹਾ ਸੀ। ਚਸ਼ਮਦੀਦਾਂ ਦੇ ਦੱਸਣ ਅਨੁਸਾਰ ਜਿਵੇਂ ਹੀ ਆਟੋ ਵਰਿਆਣਾ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਇੱਕ ਬੱਸ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਆਟੋ ਦੀ ਅੱਗੇ ਜਾ ਰਹੀ ਇਕ ਇਨੋਵਾ ਗੱਡੀ ਨਾਲ ਟੱਕਰ ਹੋ ਗਈ ਅਤੇ ਇਨੋਵਾ ਅੱਗੇ ਜਾ ਰਹੇ ਇੱਕ ਸਾਈਕਲ ਅਤੇ ਟਰੱਕ ਨਾਲ ਟਕਰਾ ਗਈ।
ਔਰਤ ਅਤੇ ਇਕ ਵਿਅਕਤੀ ਗੰਭੀਰ ਜ਼ਖਮੀ
ਇਸ ਹਾਦਸੇ ਵਿੱਚ ਆਟੋ ਡਰਾਈਵਰ ਜਗਜੀਤ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਸਾਈਕਲ ਸਵਾਰ ਜੀਤ ਲਾਲ ਅਤੇ ਆਟੋ ਵਿੱਚ ਸਵਾਰ ਔਰਤ ਭੁਪਿੰਦਰ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦੋਵਾਂ ਨੂੰ ਤੁਰੰਤ ਹੀ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ। ਪਰ ਉੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ।
ਪੁਲਿਸ ਨੇ ਖੁਲਵਾਇਆ ਰਸਤਾ
ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲੀਸ ਨੇ ਸਾਰੇ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਵਾਹਨਾਂ ਨੂੰ ਸਾਈਡ ਉਤੇ ਕਰਵਾ ਕੇ ਰਸਤਾ ਖੋਲ੍ਹ ਦਿੱਤਾ ਹੈ। ਇਸ ਹਾਦਸੇ ਤੋਂ ਬਾਅਦ ਸੜਕ ਬੰਦ ਹੋ ਗਈ ਸੀ ਅਤੇ ਦੋਵੇਂ ਪਾਸੇ ਲੰਮਾ ਜਾਮ ਲੱਗ ਗਿਆ ਸੀ। ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਦੇ ਬਿਆਨ ਦਰਜ ਕਰਕੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।