ਪੰਜਾਬ ਦੇ ਜਿਲ੍ਹਾ ਫਿਰੋਜਪੁਰ ਵਿੱਚ ਹਰਿਕੇ ਤੋਂ ਮੱਖੂ ਰੋਡ ਉੱਤੇ ਪਟਰੋਲ ਪੰਪ ਦੇ ਨੇੜੇ ਹੋਏ ਇਕ ਸੜਕ ਹਾਦਸੇ ਵਿੱਚ ਕਰੀਬ 40 ਸਾਲ ਉਮਰ ਦੇ ਇਕ ਵਿਅਕਤੀ ਦੀ ਮੌ-ਤ ਹੋ ਗਈ, ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ਉੱਤੇ ਮੱਖੂ ਪੁਲਿਸ ਨੇ ਅਣਪਛਾਤੇ ਟਰਾਲਾ ਡਰਾਈਵਰ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਇਸ ਮਾਮਲੇ ਬਾਰੇ ਮੱਖੂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਮ੍ਰਿਤਕ ਸੁਰਜੀਤ ਸਿੰਘ ਦੇ ਭਰਾ ਗੁਰਮੇਲ ਸਿੰਘ ਵਾਸੀ ਪਿੰਡ ਚੁੱਕੇ ਤਾਰਾਵਾਲਾ ਜਿਲ੍ਹਾ ਮੋਗਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਸੁਰਜੀਤ ਸਿੰਘ ਅਤੇ ਉਨ੍ਹਾਂ ਦੇ ਮਾਮੇ ਦਾ ਮੁੰਡਾ ਜਸਪ੍ਰੀਤ ਸਿੰਘ ਹਰਿਕੇ ਤੋਂ ਵਾਪਸ ਘਰ ਆ ਰਹੇ ਸਨ। ਜਿਵੇਂ ਹੀ ਉਹ ਮੱਖੂ ਰੋਡ ਉੱਤੇ ਪਟਰੋਲ ਪੰਪ ਦੇ ਨਜਦੀਕ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਨੂੰ ਇਕ ਅਣਪਛਾਤੇ ਟਰਾਲਾ ਡਰਾਈਵਰ ਨੇ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿੱਚ ਸੁਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਕੁੱਝ ਸਮਾਂ ਬਾਅਦ ਗੰਭੀਰ ਰੂਪ ਵਿਚ ਜਖਮੀ ਹੋਏ ਸੁਰਜੀਤ ਸਿੰਘ ਦੀ ਮੌ-ਤ ਹੋ ਗਈ। ਸੁਰਜੀਤ ਸਿੰਘ ਦੇ 3 ਬੱਚੇ ਹਨ ਜਿਨ੍ਹਾਂ ਵਿੱਚ 2 ਧੀਆਂ ਅਤੇ ਇੱਕ ਪੁੱਤਰ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ASI ਰਣਜੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਵੀਰਵਾਰ ਦੀ ਰਾਤ ਨੂੰ ਕਰੀਬ ਸਾਢੇ 8 ਵਜੇ ਦੇ ਕਰੀਬ ਹੋਇਆ ਹੈ। ਸ਼ਿਕਾਇਤ ਦੇ ਆਧਾਰ ਉੱਤੇ ਅਣਪਛਾਤੇ ਟਰਾਲਾ ਡਰਾਈਵਰ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਨਾਲ ਹੀ ਮ੍ਰਿਤਕ ਦੀ ਦੇਹ ਦਾ ਪੋਸਟ ਮਾਰਟਮ ਕਰਵਾਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ।