ਪੰਜਾਬ ਦੇ ਜਿਲ੍ਹਾ ਰੂਪਨਗਰ ਵਿੱਚ ਸਵੇਰ ਤੋਂ ਪੈ ਰਹੇ ਮੀਂਹ ਕਾਰਨ ਸਥਿਤੀ ਚਿੰਤਾਜਨਕ ਹੋ ਗਈ ਹੈ। ਡੀਸੀ ਪ੍ਰੀਤੀ ਯਾਦਵ ਨੇ ਜ਼ਿਲ੍ਹੇ ਵਿੱਚ ਹਾਈ ਅਲਰਟ ਦਾ ਐਲਾਨ ਦਿੱਤਾ ਹੈ। ਜ਼ਿਲ੍ਹੇ ਨੂੰ ਆਉਣ ਵਾਲੀਆਂ ਸਾਰੀਆਂ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਦੋਂ ਕਿ ਪਿੰਡ ਬਠਲੌਰ ਬਲਾਕ ਨੂਰਪੁਰ ਬੇਦੀ ਦੇ ਸੁਖਵਿੰਦਰ ਸਿੰਘ ਉਮਰ 45 ਸਾਲ ਪੁੱਤਰ ਭਗਤਰਾਮ ਦੀ ਪਹਾੜੀ ਦਾ ਹਿੱਸਾ ਡਿੱਗਣ ਕਾਰਨ ਮੌ-ਤ ਹੋ ਗਈ।
ਸੁਖਵਿੰਦਰ ਸਿੰਘ ਆਪਣੇ ਘਰ ਦੇ ਪਿੱਛੇ ਪਹਾੜੀਆਂ ਤੋਂ ਆ ਰਹੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਰਿਹਾ ਸੀ। ਇਸੇ ਦੌਰਾਨ ਪਹਾੜੀ ਦਾ ਇਕ ਵੱਡਾ ਹਿੱਸਾ ਉਸ ਉੱਤੇ ਆ ਕੇ ਡਿੱਗ ਪਿਆ। ਪਿੰਡ ਵਾਸੀਆਂ ਵਲੋਂ ਕੀਤੀ ਗਈ, 2 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਮ੍ਰਿਤਕ ਵਿਅਕਤੀ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਲੋਕਾਂ ਨੇ ਦੋ ਵਾਰ ਨੂਰਪੁਰ ਬੇਦੀ ਵਿਚ ਕੀਤੀ ਨਾਅਰੇਬਾਜ਼ੀ
ਮੀਡੀਆ ਖਬਰਾਂ ਰਾਹੀਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀਆਂ ਸਾਰੀਆਂ ਨਦੀਆਂ ਅਤੇ ਨਾਲਿਆਂ ਵਿੱਚ ਪਾਣੀ ਓਵਰ ਭਰ ਗਿਆ ਹੈ। ਰੋਪੜ ਸ਼ਹਿਰ ਦੀ ਬਸੰਤ ਵਿਹਾਰ ਕਲੋਨੀ ਦੇ 50 ਤੋਂ ਵੱਧ ਘਰ ਹੜ੍ਹ ਦੇ ਪਾਣੀ ਦੀ ਲਪੇਟ ਵਿਚ ਆ ਗਏ ਹਨ। ਇਸ ਦੇ ਨਾਲ ਹੀ ਸਭ ਤੋਂ ਵੱਧ ਨੁਕਸਾਨ ਬੀ ਬਲਾਕ ਨੂੰ ਹੋਇਆ ਹੈ। ਜਿੱਥੇ ਮੀਂਹ ਦਾ ਪਾਣੀ ਕਰੀਬ 70 ਪਿੰਡਾਂ ਦੇ ਵਿੱਚ ਦਾਖਲ ਹੋ ਗਿਆ। ਘਰਾਂ ਵਿੱਚ ਪਾਣੀ ਵੜਨ ਤੋਂ ਦੁਖੀ ਲੋਕਾਂ ਨੇ ਨੂਰਪੁਰ ਬੇਦੀ ਕਸਬੇ ਵਿੱਚ ਦੋ ਵੱਖੋ ਵੱਖ ਥਾਵਾਂ ਉਤੇ ਦਿਨ ਵਿੱਚ ਦੋ ਵਾਰ ਸੜਕਾਂ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।