ਹਰਿਆਣਾ ਦੇ ਰੇਵਾੜੀ ਤੋਂ ਇਕ ਦੁਖਦ ਸਮਾਚਾਰ ਸਾਹਮਣੇ ਆਇਆ ਹੈ। ਇਥੋਂ ਦੇ ਜੈਸਿੰਘਪੁਰ ਖੇੜਾ ਸਰਹੱਦ ਨੇੜੇ ਰਾਜਸਥਾਨ ਦੇ ਪਿੰਡ ਚੌਬਾਰਾ ਵਿਚ ਵਾਹਨ ਉਤੇ ਸਵਾਰ ਹੋ ਕੇ ਡਾਕ ਕਾਂਵੜ ਨਾਲ ਜਾ ਰਹੇ ਦੋ ਨੌਜਵਾਨ ਹਾਈ ਟੈਂਸ਼ਨ ਲਾਈਨ ਦੀ ਲਪੇਟ ਵਿਚ ਆ ਗਏ। ਇਸ ਦੌਰਾਨ ਦੋਵਾਂ ਦੀ ਮੌ-ਤ ਹੋ ਗਈ। ਇਸ ਹਾਦਸੇ ਤੋਂ ਬਾਅਦ ਮੌਕੇ ਉਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਾਹਜਹਾਪੁਰ ਥਾਣਾ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ।
ਇਨ੍ਹਾਂ ਮ੍ਰਿਤਕਾਂ ਦੀ ਪਹਿਚਾਣ ਚੌਬਾਰਾ ਪਿੰਡ ਦੇ ਰਹਿਣ ਵਾਲੇ ਯਸ਼ ਉਮਰ 18 ਸਾਲ ਅਤੇ ਬੌਬੀ ਉਮਰ 20 ਸਾਲ ਦੇ ਰੂਪ ਵਜੋਂ ਹੋਈ ਹੈ। ਕਾਵੜ ਨੂੰ ਦੇਖਦੇ ਹੋਏ ਪਿੰਡ ਵਾਲਿਆਂ ਦੀ ਸੂਚਨਾ ਉਤੇ ਬਿਜਲੀ ਨਿਗਮ ਨੇ ਪਿੰਡ ਦੀ ਸਪਲਾਈ ਤਾਂ ਕੱਟ ਦਿੱਤੀ ਪਰ ਖੇਤੀਬਾੜੀ ਲਾਈਨ ਚੱਲਦੀ ਛੱਡ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਹਰਿਦੁਆਰ ਜਾ ਰਹੇ ਸੀ ਕਾਂਵੜੀਏ
ਪਿੰਡ ਵਾਸੀਆਂ ਨੇ ਦੱਸਿਆ ਕਿ ਚੌਬਾਰਾ ਪਿੰਡ ਦੇ ਬਾਬਾ ਕੁੰਦਨ ਦਾਸ ਮੰਦਰ ਦੇ ਨੇੜੇ ਤੋਂ ਪਿੰਡ ਦੇ ਕੁਝ ਨੌਜਵਾਨ ਇਕ ਡਾਕ ਕਾਵੜ ਲਿਆਉਣ ਲਈ ਹਰਿਦੁਆਰ ਨੂੰ ਜਾ ਰਹੇ ਸਨ। ਕਾਵੜੀਆਂ ਸਮੇਤ ਪਿੱਕਅੱਪ ਗੱਡੀ ਵਿੱਚ ਡੀਜੇ ਲਗਾ ਕੇ ਪਿੰਡ ਵਿੱਚੋਂ ਸਭਾ ਕੱਢੀ ਜਾ ਰਹੀ ਸੀ। ਪਿੰਡ ਵਿੱਚ ਬਿਜਲੀ ਦੀਆਂ ਤਾਰਾਂ ਲਟਕਦੀਆਂ ਹੋਣ ਕਾਰਨ ਪਿੰਡ ਵਾਸੀਆਂ ਨੇ ਬਿਜਲੀ ਨਿਗਮ ਤੋਂ ਸਪਲਾਈ ਵੀ ਕੱਟਵਾ ਦਿੱਤੀ ਸੀ। ਪਰ ਇਸ ਦੌਰਾਨ ਖੇਤੀਬਾੜੀ ਲਾਈਨ ਚਾਲੂ ਰਹਿ ਗਈ।
ਗੱਡੀ ਉਪਰੋਂ ਲੰਘਦੀ ਹਾਈ ਟੈਂਸ਼ਨ ਲਾਈਨ ਨੂੰ ਲੱਗੀ
ਇਸ ਦੌਰਾਨ ਪਿੰਡ ਦੇ ਹੀ ਰਹਿਣ ਵਾਲੇ ਯਸ਼ ਅਤੇ ਬੌਬੀ ਡੀਜੇ ਨੂੰ ਠੀਕ ਕਰਨ ਲਈ ਪਿਕਅੱਪ ਉਤੇ ਚੜ੍ਹੇ। ਚੱਲਦੀ ਹੋਈ ਗੱਡੀ ਉਪਰੋਂ ਲੰਘਦੀ ਹਾਈ ਟੈਂਸ਼ਨ ਲਾਈਨ ਨਾਲ ਲੱਗ ਗਈ। ਬਿਜਲੀ ਦਾ ਝਟਕਾ ਲੱਗਦੇ ਹੀ ਦੋਵੇਂ ਹੇਠਾਂ ਡਿੱਗ ਗਏ। ਦੋਵਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮੀਂਹ ਦੌਰਾਨ ਕਰੰਟ ਲੱਗਣ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਫੈਲ ਗਈ। ਪਿੰਡ ਵਾਸੀਆਂ ਨੇ ਨੌਜਵਾਨਾਂ ਨੂੰ ਨੀਮਰਾਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।