ਰਿਸ਼ਤੇਦਾਰੀ ਵਿਚ ਗਏ, ਨੌਜਵਾਨਾਂ ਦੀ ਕਾਰ ਨਦੀ ਵਿਚ ਰੁੜੀ, ਦੋ ਦੀਆਂ ਦੇਹਾਂ ਮਿਲੀਆਂ, ਇਕ ਦੀ ਭਾਲ ਜਾਰੀ

Punjab

ਬੀਤੇ ਦਿਨਾਂ ਤੋਂ ਜੋਰਾਂ ਦੀ ਹੋ ਰਹੀ ਬਰਸਾਤ ਨੇ ਕਈ ਥਾਈਂ ਕਹਿਰ ਕੀਤਾ ਹੈ। ਇਕ ਦੁਖਦ ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ਦੇ ਪਿੰਡ ਮਲੋਆ ਤੋਂ ਪਿੰਡ ਤੋਗਾ ਨੂੰ ਜਾਂਦੇ ਹੋਏ ਪਟਿਆਲਾ ਦੇ ਰਾਓ ਨਦੀ ਵਿੱਚ ਇੱਕ ਸਵਿਫਟ ਕਾਰ ਵਹਿ ਗਈ। ਇਸ ਕਾਰ ਵਿਚ ਸਵਾਰ 3 ਨੌਜਵਾਨ ਸਵਾਰ ਸਨ। ਜਿਨ੍ਹਾਂ ਵਿਚੋਂ 2 ਦੀਆਂ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਖਬਰ ਲਿਖੇ ਜਾਣ ਤੱਕ ਪੰਜਾਬ ਪੁਲਿਸ ਬਚਾਅ ਮੁਹਿੰਮ ਚਲਾ ਕੇ ਤੀਜੇ ਨੌਜਵਾਨ ਦੀ ਭਾਲ ਕਰ ਰਹੀ ਹੈ।

ਇਨ੍ਹਾਂ ਦੇਹਾਂ ਦੀ ਪਹਿਚਾਣ ਹਰਪ੍ਰੀਤ ਸਿੰਘ ਉਮਰ 35 ਸਾਲ ਵਾਸੀ ਭਾਗੋਮਾਜਰਾ ਅਤੇ ਹਰਮੀਤ ਸਿੰਘ ਉਰਫ਼ ਰਿੰਪੀ ਉਮਰ 45 ਸਾਲ ਵਾਸੀ ਖਰੜ ਦੇ ਤੌਰ ਉੱਤੇ ਹੋਈ ਹੈ। ਜਦੋਂ ਕਿ ਗੁਰਪ੍ਰੀਤ ਉਰਫ਼ ਗੋਪੀ ਉਮਰ 25 ਸਾਲ ਵਾਸੀ ਊਨਾ ਹਾਲ ਵਾਸੀ ਖਰੜ ਅਜੇ ਤੱਕ ਲਾਪਤਾ ਦੱਸਿਆ ਜਾ ਰਿਹਾ ਹੈ। ਪਟਿਆਲਾ ਦੀ ਰਾਓ ਨਦੀ ਵਿੱਚ ਪਾਣੀ ਦੇ ਲਗਾਤਾਰ ਤੇਜ ਵਹਾਅ ਕਾਰਨ ਐਤਵਾਰ ਤੋਂ ਹੁਣ ਤੱਕ ਬਚਾਅ ਕਾਰਜ ਨਹੀਂ ਹੋ ਸਕਿਆ ਸੀ। ਮੰਗਲਵਾਰ ਨੂੰ ਬਰਸਾਤ ਰੁਕਣ ਤੋਂ ਬਾਅਦ ਪਿੰਡ ਝਾਮਪੁਰ ਤੋਂ ਭਾਲ ਕਰਕੇ ਦੋ ਦੇਹਾਂ ਬਰਾਮਦ ਕੀਤੀਆਂ ਗਈਆਂ।

ਆਪਣੇ ਨਾਨਕੇ ਘਰ ਗਿਆ ਸੀ ਹਰਪ੍ਰੀਤ ਸਿੰਘ

ਇਸ ਮਾਮਲੇ ਸਬੰਧੀ ਭਾਗੋ ਮਾਜਰਾ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੇ ਐਤਵਾਰ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੇ ਤਾਏ ਦਾ ਲੜਕਾ ਹਰਪ੍ਰੀਤ ਸਿੰਘ ਆਪਣੇ ਦੋਸਤ ਰਿੰਪੀ ਦੀ ਕਾਰ ਵਿਚ ਮੁੱਲਾਂਪੁਰ ਗਿਆ ਹੈ। ਉਹ ਆਪਣੀ ਨਾਨੀ ਦੇ ਘਰ ਗਿਆ ਸੀ ਪਰ ਸ਼ਾਮ ਕਰੀਬ 6 ਵਜੇ ਤੋਂ ਬਾਅਦ ਉਸ ਨਾਲ ਕੋਈ ਵੀ ਸੰਪਰਕ ਨਹੀਂ ਹੋ ਸਕਿਆ।

ਚੰਡੀਗੜ੍ਹ ਪੁਲਿਸ ਨੂੰ ਮਿਲੀ ਸੀ ਕੰਟਰੋਲ ਰੂਮ ਉਤੇ ਸੂਚਨਾ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਲੋਆ ਦੀ ਰਹਿਣ ਵਾਲੀ ਇਕ ਔਰਤ ਨੇ ਤੋਗਾ ਵਾਲੇ ਪਾਸੇ ਤੋਂ ਇਕ ਗੱਡੀ ਨੂੰ ਆਉਂਦੀ ਦੇਖਿਆ ਸੀ। ਉਹ ਅਚਾਨਕ ਗਾਇਬ ਹੋ ਗਈ ਸੀ। ਇਸ ਤੋਂ ਬਾਅਦ ਔਰਤ ਵਲੋਂ ਇਸ ਦੀ ਸੂਚਨਾ ਚੰਡੀਗੜ੍ਹ ਪੁਲਿਸ ਦੇ ਕੰਟਰੋਲ ਰੂਮ ਉਤੇ ਦਿੱਤੀ ਗਈ ਸੀ।

Leave a Reply

Your email address will not be published. Required fields are marked *