ਪੰਜਾਬ ਵਿਚ ਨਵਾਂਸ਼ਹਿਰ ਦੇ ਪਿੰਡ ਭੋਲੇਵਾਲ ਦੇ ਇੱਕ ਨੌਜਵਾਨ ਦੀ ਖੱਡੇ ਵਿੱਚ ਡੁੱਬ ਜਾਣ ਨਾਲ ਕਾਰਨ ਮੌ-ਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਵਿਜੇ ਕੁਮਾਰ ਪੁੱਤਰ ਸੁਰਜੀਤ ਲਾਲ ਦੇ ਰੂਪ ਵਜੋਂ ਹੋਈ ਹੈ। ਇਸ ਨੌਜਵਾਨ ਦੀ ਦੇਹ ਮੰਗਲਵਾਰ ਨੂੰ ਪਾਣੀ ਦੇ ਘੱਟਣ ਤੋਂ ਬਾਅਦ ਮਿਲੀ। ਥਾਣਾ ਪੋਜੇਵਾਲ ਦੀ ਪੁਲਿਸ ਵਲੋਂ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਉਤੇ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਬੀਤੀ 9 ਜੁਲਾਈ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਕੰਢੀ ਖੇਤਰ ਵਿਚ ਹੜ-ਕੰਪ ਪੈਦਾ ਕੀਤਾ ਹੋਇਆ ਹੈ। ਇਸੇ ਦੌਰਾਨ ਬਲਾਕ ਸਡੋਆ ਦੇ ਪਿੰਡ ਭੋਲੇਵਾਲ ਦਾ 18 ਸਾਲ ਉਮਰ ਦਾ ਵਿਜੇ ਕੁਮਾਰ ਬਾਬਾ ਰੂੜੀ ਵਾਲੇ ਮੰਦਿਰ ਨੇੜੇ ਬੱਕਰੀਆਂ ਚਰਾਉਣ ਲਈ ਗਿਆ ਸੀ, ਪਰ ਪਾਣੀ ਵਿੱਚ ਤਿਲਕਣ ਦੇ ਕਾਰਨ ਉਹ ਟੋਏ ਵਿੱਚ ਜਾ ਡਿੱਗਿਆ ਅਤੇ ਡੁੱਬ ਗਿਆ, ਜਿਸ ਦੀ ਦੇਹ ਮਿਲ ਗਈ ਹੈ।
ਇਸ ਮਾਮਲੇ ਸਬੰਧੀ ਮ੍ਰਿਤਕ ਵਿਜੇ ਕੁਮਾਰ ਦੇ ਪਿਤਾ ਸੁਰਜੀਤ ਲਾਲ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਪੁੱਤਰ ਵਿਜੇ ਕੁਮਾਰ ਬੱਕਰੀਆਂ ਚਾਰਨ ਲਈ ਖੇਤਾਂ ਵਿੱਚ ਗਿਆ ਸੀ। ਪਿਤਾ ਨੇ ਕਿਹਾ ਕਿ ਏਰੀਏ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਨਾਜਾਇਜ਼ ਮਾਈਨਿੰਗ ਹੋ ਰਹੀ ਸੀ। ਜਿਸ ਕਰਕੇ 20 ਤੋਂ 25 ਫੁੱਟ ਤੱਕ ਦੇ ਡੂੰਘੇ ਖੱਡੇ ਪੈ ਗਏ ਸਨ, ਜਿਨ੍ਹਾਂ ਵਿੱਚ ਮੀਂਹ ਦਾ ਪਾਣੀ ਭਰ ਗਿਆ ਸੀ। ਇਨ੍ਹਾਂ ਵਿੱਚ ਵਿਜੇ ਡਿੱਗ ਪਿਆ।
ਵਿਜੇ ਕੁਮਾਰ ਦੀ ਦੇਹ ਪੋਸਟ ਮਾਰਟਮ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਨੂੰ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਗੱਲ ਵੀ ਕਹੀ ਗਈ ਹੈ। ਪੁਲਿਸ ਵਲੋਂ ਆਪਣੀ ਜਾਂਚ ਕੀਤੀ ਜਾ ਰਹੀ ਹੈ।