ਪੱਛਮੀ ਲੱਦਾਖ ਦੇ ਸਿਆਚਿਨ ਗਲੇਸ਼ੀਅਰ ਵਿਚ ਬੁੱਧਵਾਰ ਤੜਕੇ 3.30 ਵਜੇ ਭਾਰਤੀ ਫੌਜ ਦੇ ਟੈਂਟ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਰੈਜੀਮੈਂਟਲ ਮੈਡੀਕਲ ਅਫਸਰ ਕੈਪਟਨ ਅੰਸ਼ੁਮਨ ਸਿੰਘ ਸ਼ਹੀਦ ਹੋ ਗਏ। ਅੰਸ਼ੁਮਨ ਸਿੰਘ ਦਾ 5 ਮਹੀਨੇ ਪਹਿਲਾਂ 10 ਫਰਵਰੀ ਨੂੰ ਵਿਆਹ ਹੋਇਆ ਸੀ। ਕੈਪਟਨ ਅੰਸ਼ੁਮਨ 15 ਦਿਨ ਪਹਿਲਾਂ ਸਿਆਚਿਨ ਗਏ ਸਨ। ਅੰਸ਼ੁਮਨ ਮੂਲ ਰੂਪ ਤੋਂ ਦੇਵਰੀਆ ਦੇ ਰਹਿਣ ਵਾਲੇ ਸਨ। ਲਖਨਊ ਦੇ ਪਾਰਾ ਮੋਹਨ ਰੋਡ ਉਤੇ ਸਥਿਤ ਜਿਸ ਘਰ ਵਿਚ ਕੈਪਟਨ ਅੰਸ਼ੁਮਨ ਸਿੰਘ ਦੇ ਵਿਆਹ ਦੀ ਸ਼ਹਿਨਾਈ ਗੂੰਜੀ ਸੀ, ਉਸ ਘਰ ਵਿਚ ਸੋਗ ਦੀ ਲਹਿਰ ਛਾ ਗਈ।
ਬੁੱਧਵਾਰ ਸਵੇਰੇ ਆਰਮੀ ਮੈਡੀਕਲ ਕੋਰ ਅਤੇ ਕਮਾਂਡ ਹਸਪਤਾਲ ਦੇ ਸੀਨੀਅਰ ਅਧਿਕਾਰੀ ਅੰਸ਼ੂਮਨ ਸਿੰਘ ਦੇ ਘਰ ਪਹੁੰਚੇ। ਉਨ੍ਹਾਂ ਪਿਤਾ ਰਵੀ ਪ੍ਰਤਾਪ ਸਿੰਘ ਨੂੰ ਕੈਪਟਨ ਅੰਸ਼ੂਮਨ ਸਿੰਘ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ। ਸ਼ਹੀਦੀ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਜਾਣਕਾਰਾਂ ਅਤੇ ਰਿਸ਼ਤੇਦਾਰਾਂ ਦਾ ਘਰ ਪਹੁੰਚਣਾ ਸ਼ੁਰੂ ਹੋ ਗਿਆ। ਬੇਹਾਲ ਮਾਂ ਮੰਜੂ ਸਿੰਘ ਦੇ ਹੰਝੂ ਨਹੀਂ ਰੁਕ ਰਹੇ। ਕੈਪਟਨ ਅੰਸ਼ੁਮਨ ਦੇ ਚਾਚਾ ਸਮੇਤ ਪਰਿਵਾਰ ਦੇ ਕਈ ਮੈਂਬਰ ਫੌਜ ਵਿੱਚ ਵੱਖੋ ਵੱਖ ਅਹੁਦਿਆਂ ਉਤੇ ਤਾਇਨਾਤ ਹਨ।
ਦੇਵਰੀਆ ਵਿੱਚ ਹੋਵੇਗਾ ਅੰਸ਼ੁਮਨ ਸਿੰਘ ਦਾ ਅੰਤਿਮ ਸੰਸਕਾਰ
ਅੰਸ਼ੁਮਨ ਸਿੰਘ ਦੀ ਪਤਨੀ ਇੰਜੀਨੀਅਰ ਸ੍ਰਿਸ਼ਟੀ ਸਿੰਘ ਪਠਾਨਕੋਟ ਦੀ ਰਹਿਣ ਵਾਲੀ ਹੈ। ਉਹ ਨੋਇਡਾ ਵਿੱਚ ਰਹਿ ਕੇ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੀ ਹੈ। ਉਸ ਦੇ ਪਿਤਾ ਰਵੀ ਪ੍ਰਤਾਪ ਸਿੰਘ, ਮਾਂ ਮੰਜੂ ਸਿੰਘ, ਭੈਣ ਤਾਨਿਆ ਸਿੰਘ ਅਤੇ ਭਰਾ ਘਨਸ਼ਿਆਮ ਸਿੰਘ ਅੰਸ਼ੁਮਨ ਦੇ ਲਖਨਊ ਵਾਲੇ ਘਰ ਵਿੱਚ ਰਹਿੰਦੇ ਹਨ। ਉਸ ਦੇ ਦਾਦਾ ਅਤੇ ਚਾਚਾ ਦੇਵਰੀਆ ਦੇ ਲਾਰ ਥਾਣਾ ਖੇਤਰ ਦੇ ਬਰਡੀਹਾ ਦਲਪਤ ਵਿੱਚ ਰਹਿੰਦੇ ਹਨ।
ਸ਼ਹੀਦ ਕੈਪਟਨ ਅੰਸ਼ੁਮਨ ਸਿੰਘ ਦੇ ਰਿਸ਼ਤੇਦਾਰ ਅਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਸੂਚਨਾ ਮਿਲੀ ਸੀ ਕਿ ਮ੍ਰਿਤਕ ਦੇਹ ਵਿਸ਼ੇਸ਼ ਜਹਾਜ਼ ਰਾਹੀਂ ਲਖਨਊ ਹਵਾਈ ਅੱਡੇ ਉਤੇ ਆਵੇਗੀ। ਸਾਰੇ ਰਿਸ਼ਤੇਦਾਰ ਅਤੇ ਕਰੀਬੀ ਲੋਕ ਲਖਨਊ ਪਹੁੰਚ ਗਏ ਸਨ। ਬਾਅਦ ਵਿਚ ਖਬਰ ਆਈ ਕਿ ਮ੍ਰਿਤਕ ਸਰੀਰ ਗੋਰਖਪੁਰ ਏਅਰਪੋਰਟ ਉਤੇ ਪਹੁੰਚੇਗਾ। ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਦੇਵਰੀਆ ਵਿੱਚ ਹੋਵੇਗਾ।
ਏਐਫਐਮਸੀ ਵਿੱਚ ਕੁਆਲੀਫਾਈ
ਪੜ੍ਹਾਈ ਕਰਨ ਤੋਂ ਬਾਅਦ ਅੰਸ਼ੁਮਨ ਨੂੰ ਆਰਮਡ ਫੋਰਸ ਮੈਡੀਕਲ ਕਾਲਜ ਪੁਣੇ ਵਿੱਚ ਚੁਣਿਆ ਗਿਆ। ਉੱਥੋਂ ਐੱਮਬੀਬੀਐੱਸ ਕਰਨ ਤੋਂ ਬਾਅਦ ਕੈਪਟਨ ਅੰਸ਼ੁਮਨ ਸਿੰਘ ਆਰਮੀ ਮੈਡੀਕਲ ਕੋਰ ਵਿੱਚ ਭਰਤੀ ਹੋ ਗਏ। ਪਤਨੀ ਸਮ੍ਰਿਤੀ ਪੇਸ਼ੇ ਤੋਂ ਇੰਜੀਨੀਅਰ ਹੈ ਅਤੇ ਉਸ ਦੇ ਮਾਤਾ-ਪਿਤਾ ਸਕੂਲ ਦੇ ਪ੍ਰਿੰਸੀਪਲ ਹਨ। ਆਗਰਾ ਦੇ ਮਿਲਟਰੀ ਹਸਪਤਾਲ ਵਿਚ ਟ੍ਰੇਨਿੰਗ ਤੋਂ ਬਾਅਦ ਅੰਸ਼ੁਮਨ ਉੱਥੇ ਤਾਇਨਾਤ ਹੋ ਗਏ ਸਨ।
ਹਾਲ ਹੀ ਵਿਚ ਉਹ ਕਸ਼ਮੀਰ ਦੇ ਪੁੰਛ ਸੈਕਟਰ ਵਿਚ ਤਾਇਨਾਤ ਇਕ ਬਟਾਲੀਅਨ ਦੇ ਮੈਡੀਕਲ ਅਫਸਰ ਬਣੇ ਸਨ। ਉਥੋਂ 15 ਦਿਨ ਪਹਿਲਾਂ ਹੀ ਸਿਆਚਿਨ ਗਏ ਸਨ। ਉਨ੍ਹਾਂ ਦੇ ਪਿਤਾ ਰਵੀ ਪ੍ਰਤਾਪ ਸਿੰਘ ਫੌਜ ਵਿੱਚ ਜੇਸੀਓ ਸਨ। ਮਾਤਾ ਮੰਜੂ ਸਿੰਘ ਤੋਂ ਇਲਾਵਾ ਕੈਪਟਨ ਅੰਸ਼ੁਮਨ ਸਿੰਘ ਦੇ ਪਿੱਛੇ ਭਰਾ ਘਨਸ਼ਿਆਮ ਸਿੰਘ ਅਤੇ ਭੈਣ ਤਾਨਿਆ ਸਿੰਘ ਹਨ। ਦੋਵੇਂ ਹੀ ਨੋਇਡਾ ਵਿੱਚ ਡਾਕਟਰ ਹਨ।