ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਰੋਡ ਉਤੇ ਦੋ ਮੋਟਰਸਾਈਕਲਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਦੋ ਬਾਈਕ ਸਵਾਰਾਂ ਵਿੱਚੋਂ ਇੱਕ ਦੀ ਮੌ-ਤ ਹੋ ਗਈ ਹੈ। ਇਸ ਦੇ ਨਾਲ ਹੀ 3 ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਟਾਲੇ ਜਾਂਦੇ ਸਮੇਂ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਦੇ ਅਨੁਸਾਰ ਨੌਜਵਾਨ ਕਿਸੇ ਧਾਰਮਿਕ ਸਥਾਨ ਉਤੇ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ 4 ਨੌਜਵਾਨ ਇਕ ਮੋਟਰਸਾਈਕਲ ਉਤੇ ਸਵਾਰ ਹੋ ਕੇ ਬਟਾਲਾ ਜਾ ਰਹੇ ਸਨ। ਜਦੋਂ ਉਹ ਦਾਣਾ ਮੰਡੀ ਨੇੜੇ ਪੁੱਜੇ ਤਾਂ ਬਟਾਲਾ ਵੱਲੋਂ ਗਲਤ ਦਿਸ਼ਾ ਤੋਂ ਆ ਰਹੇ ਇੱਕ ਮੋਟਰਸਾਈਕਲ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਉਤੇ ਦੋ ਨੌਜਵਾਨ ਸਵਾਰ ਸਨ। ਇਸ ਹਾਦਸੇ ਵਿਚ ਵਾਰਡ ਨੰ.10 ਦੇ ਰਹਿਣ ਵਾਲੇ ਪ੍ਰਦੀਪ ਸ਼ਰਮਾ ਦੇ ਪੁੱਤਰ ਸਾਜਨ ਸ਼ਰਮਾ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਜਖਮੀ ਅਤੇ ਮ੍ਰਿਤਕ ਵਾਰਡ ਨੰ. 10 ਦੇ ਰਹਿਣ ਵਾਲੇ
ਨਿੱਕੂ ਪੁੱਤਰ ਮਹਿੰਦਰਪਾਲ, ਵਿਸ਼ਾਲ ਪੁੱਤਰ ਸੁੱਚਾ ਸਿੰਘ ਅਤੇ ਅੰਸ਼ੂ ਪੁੱਤਰ ਪਵਨ ਕੁਮਾਰ ਵਾਸੀ ਵਾਰਡ ਨੰਬਰ 10 ਗੰਭੀਰ ਰੂਪ ਵਿਚ ਜਖਮੀ ਹੋ ਗਏ। ਸੂਚਨਾ ਮਿਲਦੇ ਹੀ 108 ਐਂਬੂਲੈਂਸ ਨੇ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਬਟਾਲਾ ਵਿਖੇ ਪਹੁੰਚਦੇ ਕੀਤਾ, ਜਿੱਥੇ ਡਾਕਟਰਾਂ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ। ਮ੍ਰਿਤਕ ਅਤੇ ਜ਼ਖਮੀ ਨੌਜਵਾਨਾਂ ਦੀ ਉਮਰ 18 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ।