ਪੰਜਾਬ ਸੂਬੇ ਵਿਚ ਜ਼ਿਲ੍ਹਾ ਗੁਰਦਾਸਪੁਰ, ਬਟਾਲਾ ਤੋਂ ਦੋ ਦਿਨ ਪਹਿਲਾਂ ਘਰੋਂ ਲਾਪਤਾ ਪਿੰਡ ਫੁਲਕੇ ਦੇ ਨੌਜਵਾਨ ਦੀ ਦੇਹ ਬਟਾਲਾ ਜਲੰਧਰ ਬਾਈਪਾਸ ਦੇ ਕੋਲ ਖਾਲੀ ਪਏ ਪਲਾਟ ਵਿੱਚ ਸ਼ੱ-ਕੀ ਹਾਲ ਵਿੱਚ ਮਿਲੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਪ੍ਰੀਤ ਗੋਲਡੀ ਉਮਰ 28 ਸਾਲ ਦੇ ਪਿਤਾ ਚੰਨਣ ਲਾਲ ਵਾਸੀ ਫੂਲਕੇ ਅਤੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਗੁਰਪ੍ਰੀਤ ਗੋਲਡੀ ਐਲਮੀਨੀਅਮ ਦਾ ਕੰਮ ਕਰਦਾ ਸੀ ਅਤੇ ਰਾਤ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਸ ਕੋਲ ਕੰਮ ਹੈ ਅਤੇ ਬਾਅਦ ਵਿੱਚ ਘਰ ਵਾਪਸ ਨਹੀਂ ਆਇਆ।
ਦੂਜੇ ਦਿਨ ਸਵੇਰੇ ਪੁਲਿਸ ਤੋਂ ਸੂਚਨਾ ਮਿਲੀ ਕਿ ਬਟਾਲਾ ਜਲੰਧਰ ਬਾਈਪਾਸ ਦੇ ਖਾਲੀ ਪਏ ਪਲਾਟ ਵਿੱਚੋਂ ਇੱਕ ਨੌਜਵਾਨ ਦੀ ਦੇਹ ਮਿਲੀ ਹੈ। ਚੰਨਣ ਲਾਲ ਨੇ ਅੱਗੇ ਦੱਸਿਆ ਕਿ ਜਦੋਂ ਉਹ ਪਰਿਵਾਰ ਸਮੇਤ ਆਇਆ ਅਤੇ ਦੇਖਿਆ ਤਾਂ ਇਹ ਦੇਹ ਉਸ ਦੇ ਲੜਕੇ ਗੋਲਡੀ ਦੀ ਸੀ, ਜਿਸ ਦੇ ਸਰੀਰ ਉਤੇ ਸੱਟਾਂ ਅਤੇ ਕਰੰਟ ਲੱਗਣ ਦੇ ਨਿਸ਼ਾਨ ਸਨ ਅਤੇ ਉਸ ਦੇ ਗਲੇ ਵਿਚ ਰੱਸੀ ਦੇ ਨਿਸ਼ਾਨ ਵੀ ਸਨ। ਜਿਸ ਤੋਂ ਜਾਪਦਾ ਸੀ ਕਿ ਉਸ ਦੇ ਪੁੱਤਰ ਦਾ ਕ-ਤ-ਲ ਕੀਤਾ ਗਿਆ ਸੀ। ਉਸ ਨੇ ਅੱਗੇ ਦੱਸਿਆ ਕਿ ਉਸ ਦੀ ਅਤੇ ਉਸ ਦੇ ਲੜਕੇ ਦੀ ਕਿਸੇ ਨਾਲ ਕੋਈ ਦੁਸ਼-ਮਣੀ ਨਹੀਂ ਸੀ, ਇਸ ਲਈ ਅਸੀਂ ਪ੍ਰਸਾਸ਼ਨ ਤੋਂ ਇਨਸਾਫ ਚਾਹੁੰਦੇ ਹਾਂ।
ਦੂਜੇ ਪਾਸੇ ਇਸ ਘ-ਟ-ਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਵਲ ਲਾਈਨ ਦੇ ਐਸ. ਐਚ. ਓ. ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਰਿਪੋਰਟ ਆਉਣ ਉਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।