ਪੰਜਾਬ ਸੂਬੇ ਦੇ ਅਬੋਹਰ ਵਿਚ ਦੋ ਦਿਨ ਪਹਿਲਾਂ ਮੋਟਰਸਾਈਕਲ ਵਿਚ ਦੁਪੱਟਾ (ਚੁੰਨੀ) ਆਉਣ ਕਾਰਨ ਸੜਕ ਉਤੇ ਡਿੱਗ ਕੇ ਗੰਭੀਰ ਜ਼ਖਮੀ ਹੋਈ ਔਰਤ ਦੀ ਬੀਕਾਨੇਰ ਵਿਚ ਬੀਤੀ ਰਾਤ ਇਲਾਜ ਦੇ ਦੌਰਾਨ ਮੌ-ਤ ਹੋ ਗਈ। ਜਿਸ ਦਾ ਅੱਜ ਖੂਈਆਂ ਸਰਵਰ ਪੁਲਿਸ ਵੱਲੋਂ ਪੋਸਟ ਮਾਰਟਮ ਕਰਵਾਇਆ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਨਿਹਾਲਖੇੜਾ ਵਿੱਚ ਸੋਗ ਦੀ ਲਹਿਰ ਛਾ ਗਈ। ਇਸ ਹਾਦਸੇ ਵਿੱਚ ਦੋ ਮਾਸੂਮ ਜੁਆਕਾਂ ਦੇ ਸਿਰ ਤੋਂ ਮਾਂ ਦਾ ਛਾਇਆ ਹਮੇਸ਼ਾ ਲਈ ਉੱਠ ਗਿਆ।
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੰਜੂ ਉਮਰ 22 ਸਾਲ ਪਤਨੀ ਪ੍ਰਵੀਨ ਵਾਸੀ ਨਿਹਾਲਖੇੜਾ ਦੋ ਦਿਨ ਪਹਿਲਾਂ ਆਪਣੇ ਪਤੀ ਪ੍ਰਵੀਨ ਨਾਲ ਮੋਟਰਸਾਈਕਲ ਉਤੇ ਸਵਾਰ ਹੋਕੇ 5 ਸਾਲ ਦੀ ਧੀ ਅਤੇ 5 ਮਹੀਨੇ ਦੇ ਬੇਟੇ ਨਾਲ ਆਪਣੇ ਪੇਕੇ ਘਰ ਭੰਗਰਖੇੜਾ ਮਿਲਣ ਲਈ ਗਏ ਸਨ। ਜਦੋਂ ਉਹ ਵਾਪਸ ਆਪਣੇ ਪਿੰਡ ਆ ਰਹੇ ਸਨ। ਜਦੋਂ ਉਨ੍ਹਾਂ ਦਾ ਸਾਈਕਲ ਚੂਹੜੀਵਾਲਾ ਧੰਨਾ ਨੇੜੇ ਪਹੁੰਚਿਆ ਤਾਂ ਅਚਾਨਕ ਉਸ ਦਾ ਦੁਪੱਟਾ ਟਾਇਰ ਵਿੱਚ ਆ ਜਾਣ ਕਾਰਨ ਉਹ ਆਪਣੇ 5 ਮਹੀਨੇ ਦੇ ਜੁਆਕ ਸਮੇਤ ਹੇਠਾਂ ਡਿੱਗ ਪਈ।
ਛਾਤੀ ਨਾਲ ਚਿਪਕਾਇਆ ਹੋਣ ਕਰਕੇ ਬਚ ਗਿਆ 5 ਮਹੀਨੇ ਦਾ ਜੁਆਕ
ਨਿੱਕਾ ਜੁਆਕ ਛਾਤੀ ਨਾਲ ਚਿੰਬੜਿਆ ਹੋਣ ਕਰਕੇ ਬਚ ਗਿਆ। ਲੇਕਿਨ ਉਸ ਦੀ ਮਾਂ ਦੇ ਸਿਰ ਉਤੇ ਡੂੰਘੀਆਂ ਸੱਟਾਂ ਲੱਗ ਗਈਆਂ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਦਾ ਹਾਲ ਗੰਭੀਰ ਹੋਣ ਕਾਰਨ ਉਸ ਨੂੰ ਇੱਥੋਂ ਰੈਫਰ ਕਰ ਦਿੱਤਾ ਗਿਆ, ਜਿਸ ਉਤੇ ਪਰਿਵਾਰ ਵਾਲੇ ਉਸ ਨੂੰ ਸ੍ਰੀਗੰਗਾਨਗਰ ਲੈ ਗਏ। ਜਿੱਥੋਂ ਉਸ ਨੂੰ ਬੀਕਾਨੇਰ ਲਿਜਾਇਆ ਗਿਆ। ਜਿੱਥੇ ਬੀਤੀ ਰਾਤ ਉਸ ਦੀ ਮੌ-ਤ ਹੋ ਗਈ। ਇਸ ਮਾਮਲੇ ਵਿਚ ਥਾਣਾ ਖੂਈਆਂ ਸਰਵਰ ਦੀ ਪੁਲਿਸ ਵਲੋਂ ਮ੍ਰਿਤਕਾ ਦੇ ਪਤੀ ਦੇ ਬਿਆਨਾਂ ਉਤੇ 174 ਦੀ ਕਾਰਵਾਈ ਕੀਤੀ ਗਈ ਹੈ।