ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਵਿੱਚ ਨੂਹ ਵਿੱਚ ਬ੍ਰਜਮੰਡਲ ਯਾਤਰਾ ਦੌਰਾਨ ਹੋਈ ਹਿੰ-ਸਾ ਨੇ ਇੱਕ ਘਰ ਦਾ ਚਿਰਾਗ ਬੁਝਾ ਦਿੱਤਾ। ਇਸ ਹਿੰ-ਸਾ ਨੇ ਘਰ ਦੇ ਇਕਲੌਤੇ ਪੁੱਤਰ ਨੂੰ ਆਪਣਾ ਸ਼ਿਕਾਰ ਬਣਾ ਲਿਆ। ਇਸ ਦੌਰਾਨ ਆਰਜ਼ੀ ਡਿਊਟੀ ਉਤੇ ਤਾਇਨਾਤ ਪਿੰਡ ਫਤਿਹਪੁਰੀ ਜ਼ਿਲ੍ਹਾ ਫਤਿਹਾਬਾਦ ਦੇ ਰਹਿਣ ਵਾਲੇ ਹੋਮਗਾਰਡ ਜਵਾਨ ਗੁਰਸੇਵਕ ਸਿੰਘ ਦੀ ਜਾ-ਨ ਚਲੀ ਗਈ।
ਬੀਤੇ ਦਿਨੀਂ ਦੇਰ ਰਾਤ ਨੂੰ ਹੋਮਗਾਰਡ ਜਵਾਨ ਗੁਰਸੇਵਕ ਦੀ ਮ੍ਰਿਤਕ ਦੇਹ ਪਿੰਡ ਪੁੱਜੀ। ਲੋਕਾਂ ਨੇ ਅੰਤਿਮ ਯਾਤਰਾ ਦੌਰਾਨ ਨਮ ਅੱਖਾਂ ਨਾਲ ਗੁਰਸੇਵਕ ਸਿੰਘ ਨੂੰ ਵਿਦਾਇਗੀ ਦਿੱਤੀ। ਅੰਤਿਮ ਸੰਸਕਾਰ ਮੌਕੇ ਮ੍ਰਿਤਕ ਦੇਹ ਨੂੰ ਸਲਾਮੀ ਦਿੱਤੀ ਗਈ ਪਰ ਮ੍ਰਿਤਕ ਦੇਹ ਦੇ ਨਾਲ ਰਾਸ਼ਟਰੀ ਝੰਡਾ ਤਿਰੰਗਾ ਨਾ ਲਿਆਉਣ ਕਾਰਨ ਵਿਵਾਦ ਖੜ੍ਹਾ ਹੋ ਗਿਆ। ਇਸ ਦਾ ਵਿਰੋਧ ਕਰਦਿਆਂ ਪਿੰਡ ਵਾਸੀਆਂ ਅਤੇ ਹੋਮਗਾਰਡ ਦੇ ਹੋਰ ਸਾਥੀਆਂ ਨੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਹੋਮ ਗਾਰਡ ਦੇ ਜਵਾਨਾਂ ਨੇ ਵੀ ਇਤਰਾਜ਼ ਜਤਾਇਆ ਕਿ ਗੁਰਸੇਵਕ ਸਿੰਘ ਨੂੰ ਤਿਰੰਗੇ ਵਿਚ ਲੈ ਕੇ ਆਉਣਾ ਚਾਹੀਦਾ ਸੀ। ਜਦੋਂ ਤੱਕ ਸਾਥੀ ਦਾ ਸਨਮਾਨ ਨਹੀਂ ਕੀਤਾ ਜਾਂਦਾ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਜ਼ਿਲ੍ਹਾ ਪੁਲਿਸ ਕਪਤਾਨ ਆਸਥਾ ਮੋਦੀ ਨੇ ਉਨ੍ਹਾਂ ਨੂੰ ਦੱਸਿਆ ਕਿ ਜਵਾਨ ਦੀ ਮੌ-ਤ ਡਿਊਟੀ ਦੌਰਾਨ ਹੋਈ ਹੈ। ਇਸ ਲਈ ਜਵਾਨ ਦੀ ਮ੍ਰਿਤਕ ਦੇਹ ਨੂੰ ਤਿਰੰਗਾ ਦਿੱਦੇ ਹੋਏ, ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਰਹੀ ਹੈ। ਜਵਾਨ ਨੂੰ ਸਲਾਮੀ ਦਿੱਤੀ ਗਈ ਅਤੇ ਤਿਰੰਗਾ ਲਿਆਉਣ ਦੀ ਮੰਗ ਨੂੰ ਲੈ ਕੇ ਤਿਰੰਗਾ ਮੰਗਵਾਇਆ ਗਿਆ। ਜਵਾਨ ਦੀ ਮ੍ਰਿਤਕ ਦੇਹ ਉਤੇ ਤਿਰੰਗਾ ਪਾਇਆ ਗਿਆ, ਜਿਸ ਤੋਂ ਬਾਅਦ ਪਿੰਡ ਵਾਸੀ ਸ਼ਾਂਤ ਹੋਏ ਅਤੇ ਕਰੀਬ ਇਕ ਘੰਟੇ ਬਾਅਦ ਅੰਤਿਮ ਸੰਸਕਾਰ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ। ਐੱਸ. ਪੀ. ਨੇ ਭਰੋਸਾ ਦਿੱਤਾ ਕਿ ਗੁਰੂਗ੍ਰਾਮ ਪੁਲਿਸ ਵੱਲੋਂ ਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ 57 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਨੌਕਰੀ ਸਮੇਤ ਹੋਰ ਮੰਗਾਂ ਨੂੰ ਮੰਨ ਲਿਆ ਗਿਆ ਹੈ ਅਤੇ ਲਿਖਤੀ ਰੂਪ ਵਿੱਚ ਦਿੱਤਾ ਜਾਵੇਗਾ।
ਇਸ ਮੌਕੇ ਹਰਿਆਣਾ ਪਬਲਿਕ ਇੰਟਰਪ੍ਰਾਈਜ਼ ਬਿਊਰੋ ਦੇ ਚੇਅਰਮੈਨ ਸੁਭਾਸ਼ ਬਰਾਲਾ, ਜੇਜੇਪੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ, ਸਾਬਕਾ ਖੇਤੀਬਾੜੀ ਮੰਤਰੀ ਪਰਮਵੀਰ ਸਿੰਘ ਸਮੇਤ ਪੁਲਿਸ ਅਧਿਕਾਰੀ, ਕਰਮਚਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ।