ਪੰਜਾਬ ਵਿਚ ਫਿਰੋਜ਼ਪੁਰ ਜ਼ਿਲੇ ਦੇ ਅੰਮ੍ਰਿਤਸਰ ਤੋਂ ਬਠਿੰਡਾ ਨੈਸ਼ਨਲ ਹਾਈਵੇ ਦੇ ਉਤੇ ਪਿੰਡ ਸੇਖਵਾਂ ਨੇੜੇ ਹੋਏ ਇਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਦੂਜੇ ਜ਼ਖਮੀ ਨੌਜਵਾਨ ਦਾ ਹਾਲ ਨਾਜ਼ੁਕ ਬਣਿਆ ਹੋਇਆ ਹੈ, ਜਿਸ ਨੂੰ ਇਲਾਜ ਦੇ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਚ ਭਰਤੀ ਕਰਾਇਆ ਗਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨਿਰਮਲ ਸਿੰਘ ਵਾਸੀ ਪਿੰਡ ਫਿੱਡੇ ਜ਼ਿਲਾ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਮਨਪ੍ਰੀਤ ਸਿੰਘ ਉਮਰ 35 ਸਾਲ ਅਤੇ ਗੁਰਮੁੱਖ ਸਿੰਘ ਮਿਹਨਤ ਮਜ਼ਦੂਰੀ ਕਰਕੇ ਘਰ ਪਰਤ ਰਹੇ ਸਨ। ਉਹ ਅਜੇ ਹਾਈਵੇਅ ਉਤੇ ਪਿੰਡ ਸੇਖਵਾਂ ਕੋਲ ਪਹੁੰਚੇ ਹੀ ਸਨ ਕਿ ਇਕ ਮਹਿੰਦਰਾ ਪਿਕਅਪ ਡਰਾਈਵਰ ਨੇ ਲਾਪ੍ਰਵਾਹੀ ਨਾਲ ਉਨ੍ਹਾਂ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੇ ਭਰਾ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਗੁਰਮੁੱਖ ਸਿੰਘ ਦਾ ਹਾਲ ਵੀ ਨਾਜ਼ੁਕ
ਉਸ ਨੇ ਦੱਸਿਆ ਕਿ ਭਰਾ ਨਾਲ ਮੋਟਰਸਾਈਕਲ ਉਤੇ ਸਵਾਰ ਗੁਰਮੁਖ ਸਿੰਘ ਵੀ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਾਇਆ ਗਿਆ ਹੈ, ਜਿੱਥੇ ਉਸ ਦਾ ਹਾਲ ਵੀ ਨਾਜ਼ੁਕ ਬਣਿਆ ਹੋਇਆ ਹੈ। ਪੁਲਿਸ ਥਾਣਾ ਜ਼ੀਰਾ ਸਦਰ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ਉੱਤੇ ਅਣਪਛਾਤੇ ਵਾਹਨ ਡਰਾਈਵਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।