ਪੰਜਾਬ ਸੂਬੇ ਦੇ ਜ਼ਿਲ੍ਹਾ ਲੁਧਿਆਣਾ ਸਿੱਧਵਾਂ ਬੇਟ ਵਿਖੇ ਬੀਤੀ ਰਾਤ ਅਣਪਛਾਤੇ ਆਦਮੀਆਂ ਨੇ ਰੇਸ਼ਮ ਸਿੰਘ ਉਮਰ 40 ਸਾਲ ਪੁੱਤਰ ਸ਼ੇਰ ਸਿੰਘ ਵਾਸੀ ਖੋਲਿਆਂ ਵਾਲ ਪੁਲ, ਮਲਸੀਹਾਂ ਬਾਜਣ ਦਾ ਕਿਸੇ ਤਿੱਖੀ ਚੀਜ ਨਾਲ ਵਾਰ ਕਰ ਕੇ ਕ-ਤ-ਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰੇਸ਼ਮ ਸਿੰਘ ਇਕ ਜ਼ਿਮੀਂਦਾਰ ਦੇ ਨਾਲ ਰਲਿਆ ਹੋਇਆ ਸੀ ਅਤੇ ਜ਼ਿਮੀਂਦਾਰ ਵਿਦੇਸ਼ ਵਿਚ ਰਹਿੰਦਾ ਸੀ, ਇਸ ਲਈ ਉਸ ਦੇ ਘਰ ਅਤੇ ਜ਼ਮੀਨ ਦੀ ਦੇਖਭਾਲ ਰੇਸ਼ਮ ਸਿੰਘ ਹੀ ਕਰਦਾ ਸੀ।
ਬੀਤੀ ਰਾਤ ਨੂੰ ਜਦੋਂ ਉਹ ਖੇਤ ਵਿੱਚ ਮੋਟਰ ਉਤੇ ਝੋਨੇ ਨੂੰ ਪਾਣੀ ਲਾ ਰਿਹਾ ਸੀ ਤਾਂ ਕੁਝ ਅਣਪਛਾਤੇ ਬੰਦਿਆਂ ਨੇ ਉਸ ਉਤੇ ਕਿਸੇ ਤਿੱਖੀ ਚੀਜ ਅਤੇ ਬੇਸਬਾਲ ਆਦਿ ਨਾਲ ਵਾਰ ਕਰ ਦਿੱਤਾ। ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਰੇਸ਼ਮ ਸਿੰਘ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਉਸ ਦੀ ਰਸਤੇ ਵਿੱਚ ਹੀ ਮੌ-ਤ ਹੋ ਗਈ। ਇਸ ਮਾਮਲੇ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਸਿਵਲ ਹਸਪਤਾਲ ਉਤੇ ਇਲਾਜ ਨਾ ਕਰਨ ਦੇ ਲਾਏ ਗੰਭੀਰ ਦੋਸ਼
ਪਿੰਡ ਮਲਸੀਹਾਂ ਬਾਜਣ ਦੇ ਸਰਪੰਚ ਜੋਗਿੰਦਰ ਸਿੰਘ ਢਿੱਲੋਂ, ਸਰਪੰਚ ਨਾਹਰ ਸਿੰਘ ਕੰਨੀਆਂ ਹੁਸੈਨੀ, ਸਰਪੰਚ ਜਸਵੀਰ ਸਿੰਘ ਜੱਸਾ ਪਰਜੀਆਂ ਨੇ ਦੱਸਿਆ ਕਿ ਇਸ ਘਟਨਾ ਦਾ ਪਤਾ ਲੱਗਦੇ ਹੀ ਉਹ ਰੇਸ਼ਮ ਸਿੰਘ ਨੂੰ ਸਿਵਲ ਹਸਪਤਾਲ ਸਿੱਧਵਾਂ ਬੇਟ ਲੈ ਗਏ। ਜਿੱਥੇ ਡਿਊਟੀ ਡਾਕਟਰ ਦੇ ਨਾ ਹੋਣ ਕਾਰਨ ਨਰਸ ਨੇ ਬਿਨਾਂ ਜਾਂਚ ਕੀਤੇ ਹੀ ਉਸ ਨੂੰ ਜਗਰਾਉਂ ਰੈਫ਼ਰ ਕਰ ਦਿੱਤਾ ਅਤੇ ਸਿਵਲ ਹਸਪਤਾਲ ਜਗਰਾਉਂ ਨੇ ਉਸ ਨੂੰ ਅੱਗੇ ਲੁਧਿਆਣਾ ਭੇਜਣ ਦੇ ਹੁਕਮ ਦੇ ਦਿੱਤੇ, ਜਿੱਥੇ ਉਸ ਦੀ ਰਸਤੇ ਵਿੱਚ ਹੀ ਮੌ-ਤ ਹੋ ਗਈ।
ਇਨ੍ਹਾਂ ਸਰਪੰਚਾਂ ਨੇ ਸਿਵਲ ਹਸਪਤਾਲ ਦੇ ਸਟਾਫ ਉਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਪਿੰਡ ਵਾਸੀਆਂ ਨਾਲ ਮਿਲ ਕੇ ਰੇਸ਼ਮ ਸਿੰਘ ਦਾ ਇਲਾਜ ਕਰਵਾਉਣ ਅਤੇ ਐਂਬੂਲੈਂਸ ਦਾ ਪ੍ਰਬੰਧ ਕਰਵਾਉਣ ਲਈ ਤਿੰਨ ਘੰਟੇ ਇਨ੍ਹਾਂ ਹਸਪਤਾਲਾਂ ਵਿਚ ਖੇਹ-ਖੁਆਰ ਹੁੰਦੇ ਰਹੇ ਪਰ ਇਨ੍ਹਾਂ ਦੋਵਾਂ ਹਸਪਤਾਲਾਂ ਦੇ ਸਟਾਫ ਵਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਰੇਸ਼ਮ ਸਿੰਘ ਨੂੰ ਪ੍ਰਾਈਵੇਟ ਗੱਡੀ ਦਾ ਪ੍ਰਬੰਧ ਕਰਕੇ ਲੁਧਿਆਣਾ ਭੇਜ ਦਿੱਤਾ, ਪਰ ਗੱਡੀ ਵਿਚ ਡਾਕਟਰੀ ਸਹੂਲਤ ਨਾ ਹੋਣ ਕਾਰਨ ਰਸਤੇ ਵਿਚ ਹੀ ਉਸ ਦੀ ਮੌ-ਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਤਿੰਨ ਘੰਟੇ ਤੱਕ ਰੇਸ਼ਮ ਸਿੰਘ ਠੀਕ ਸੀ ਪਰ ਸਮੇਂ ਉਤੇ ਇਲਾਜ ਨਾ ਹੋਣ ਕਾਰਨ ਉਸ ਦੀ ਮੌ-ਤ ਹੋ ਗਈ।