ਪੰਜਾਬ ਦੇ ਜਿਲ੍ਹਾ ਫਰੀਦਕੋਟ ਵਿਚ ਪੈਂਦੇ ਪਿੰਡ ਸ਼ੇਰਖਾਂ ਦੇ ਰਹਿਣ ਵਾਲੇ ਫੌਜੀ ਜਵਾਨ ਸਤਨਾਮ ਸਿੰਘ ਦਾ ਪਿੰਡ ਦੇ ਸ਼ਮਸ਼ਾਨ-ਘਾਟ ਵਿਖੇ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸ਼ੁੱਕਰਵਾਰ ਦੀ ਰਾਤ ਨੂੰ ਅਲਵਰ ਵਿਚ ਡਿਊਟੀ ਦੌਰਾਨ ਜ਼ਹਿਰੀਲੇ ਜੀਵ-ਜੰਤੂ ਦੇ ਕੱਟਣ ਕਾਰਨ ਸਤਨਾਮ ਸਿੰਘ ਦੇ ਦਿਮਾਗ ਦੀ ਨਾੜੀ ਫਟ ਜਾਣ ਦੇ ਕਾਰਨ ਮੌ-ਤ ਹੋ ਗਈ ਸੀ। ਜਿਸ ਦਾ ਸ਼ਨੀਵਾਰ ਨੂੰ ਪੋਸਟ ਮਾਰਟਮ ਕੀਤਾ ਗਿਆ। ਐਤਵਾਰ ਨੂੰ ਫੌਜੀ ਜਵਾਨ ਸਤਨਾਮ ਸਿੰਘ ਦਾ ਸਰੀਰ ਅਲਵਰ ਤੋਂ ਫੌਜੀ ਗੱਡੀ ਵਿਚ ਪਿੰਡ ਪਹੁੰਚਿਆ।
ਫੁੱਲਾਂ ਨਾਲ ਸਜਾਇਆ ਗਿਆ ਸੀ ਦੇਹ ਲਿਆਉਣ ਵਾਲਾ ਵਾਹਨ
ਫੌਜ ਵਿਚ ਸਿਪਾਹੀ ਦੇ ਅਹੁਦੇ ਉਤੇ ਤੈਨਾਤ ਸਤਨਾਮ ਸਿੰਘ ਦੇ ਅੰਤਿਮ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿਚ ਸਥਾਨਕ ਲੋਕ ਅਤੇ ਪਿੰਡ ਦੇ ਲੋਕ ਅਤੇ ਇਲਾਕੇ ਦੇ ਪਤਵੰਤੇ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਮੌਜੂਦ ਸਨ। ਜਿਸ ਗੱਡੀ ਵਿਚ ਫੌਜੀ ਜਵਾਨ ਮ੍ਰਿਤਕ ਦੇਹ ਨੂੰ ਪਿੰਡ ਸ਼ੇਰਖਾਂ ਵਿਚ ਲੈ ਕੇ ਆਏ ਸਨ, ਉਸ ਨੂੰ ਫੁੱਲਾਂ ਨਾਲ ਪੂਰੀ ਤਰ੍ਹਾਂ ਸਜਾਇਆ ਹੋਇਆ ਸੀ।
ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ ਸਤਨਾਮ ਸਿੰਘ ਦਾ ਸਮਾਨ
ਜਦੋਂ ਫੌਜੀ ਗੱਡੀ ਵਿਚ ਸਸਕਾਰ ਲਈ ਰਵਾਨਾ ਹੋ ਰਹੇ ਸਨ ਤਾਂ ਹਜਾਰਾਂ ਦੀ ਗਿਣਤੀ ਵਿਚ ਲੋਕ ਸਤਨਾਮ ਸਿੰਘ ਅਮਰ ਰਹੇ, ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾ ਰਹੇ ਸਨ। ਸ਼ਮਸ਼ਾਨਘਾਟ ਪੁੱਜਣ ਉਤੇ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਚਿਖਾ ਉਤੇ ਰੱਖਿਆ ਗਿਆ, ਜਿੱਥੇ ਮ੍ਰਿਤਕ ਦੇ ਪਿਤਾ ਵੱਲੋਂ ਮ੍ਰਿਤਕ ਦੇਹ ਨੂੰ ਅਗਨ ਭੇਟ ਕੀਤਾ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਫੌਜ ਦੇ ਅਧਿਕਾਰੀਆਂ ਵੱਲੋਂ ਤਿਰੰਗਾ ਅਤੇ ਸਤਨਾਮ ਸਿੰਘ ਦਾ ਸਮਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ।
ਇਸ ਦੌਰਾਨ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਲਈ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਮਾਂ ਭਾਰਤੀ ਦਾ ਇੱਕ ਬੱਚਾ ਦੇਸ਼ ਸੇਵਾ ਕਰਦੇ ਹੋਏ ਸ਼ਹੀਦ ਹੋ ਗਿਆ, ਇਸ ਦੁੱਖ ਦੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਹਨ।