ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਦਸੂਹਾ, ਤਲਵਾੜਾ ਦੇ ਪਿੰਡ ਕੋਠੀ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ਵਿਚ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਸਚਿਨ ਭਾਟੀਆ ਉਮਰ 26 ਸਾਲ ਪਿਛਲੇ 4 ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਸੀ। ਉਸ ਦੇ ਪਰਿਵਾਰ ਨੂੰ ਕੈਨੇਡਾ ਤੋਂ ਫੋਨ ਕਰਕੇ ਪੁੱਤਰ ਦੀ ਤੇਜ਼ ਬੁਖਾਰ ਕਾਰਨ ਮੌ-ਤ ਹੋਣ ਦੀ ਸੂਚਨਾ ਦਿੱਤੀ ਗਈ। ਜਾਣਕਾਰੀ ਦਿੰਦਿਆਂ ਪਿਤਾ ਬਿਸ਼ਨ ਦਾਸ ਨੇ ਦੱਸਿਆ ਕਿ ਸਚਿਨ 2 ਭੈਣਾਂ ਦਾ ਇਕ-ਲੌਤਾ ਭਰਾ ਸੀ ਅਤੇ 2019 ਵਿਚ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉਸ ਤੋਂ ਕੁਝ ਸਮੇਂ ਬਾਅਦ ਭੈਣ ਵੀ ਕੈਨੇਡਾ ਚਲੀ ਗਈ ਸੀ ਅਤੇ ਦੋਵੇਂ ਭੈਣ-ਭਰਾ ਇਕੱਠੇ ਰਹਿ ਰਹੇ ਸਨ।
ਬੇਟੀ ਨੇ ਫੋਨ ਉਤੇ ਦਿੱਤੀ ਮੌ-ਤ ਦੀ ਜਾਣਕਾਰੀ
ਬਿਸ਼ਨ ਦਾਸ ਨੇ ਦੱਸਿਆ ਕਿ ਸਚਿਨ ਪੜ੍ਹਾਈ ਤੋਂ ਬਾਅਦ ਉਥੇ ਕੰਮ ਕਰਦਾ ਸੀ। ਬੀਤੀ ਰਾਤ ਕਰੀਬ 9 ਵਜੇ ਬੇਟੇ ਨਾਲ ਗੱਲ ਹੋਈ ਸੀ। ਉਸ ਸਮੇਂ ਉਹ ਕੰਮ ਖਤਮ ਕਰਕੇ ਵਾਪਸ ਘਰ ਜਾ ਰਿਹਾ ਸੀ। ਰਸਤੇ ਵਿੱਚ ਉਸ ਨੇ ਹਲਕਾ ਬੁਖਾਰ ਹੋਣ ਬਾਰੇ ਦੱਸਿਆ ਸੀ, ਜਿਸ ਤੋਂ ਬਾਅਦ ਮੈਂ ਉਸ ਨੂੰ ਘਰ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਦਵਾਈ ਲੈਣ ਦੇ ਲਈ ਕਿਹਾ ਸੀ। ਪੁੱਤਰ ਘਰ ਪਹੁੰਚ ਗਿਆ ਅਤੇ ਇਸ ਤੋਂ ਬਾਅਦ ਬੇਟੀ ਨਾਲ ਗੱਲ ਕੀਤੀ ਅਤੇ ਉਸ ਨੂੰ ਸਚਿਨ ਦਾ ਧਿਆਨ ਰੱਖਣ ਦੇ ਲਈ ਕਿਹਾ। ਕਰੀਬ 2 ਘੰਟੇ ਬਾਅਦ ਮੈਨੂੰ ਬੇਟੀ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਸਚਿਨ ਨੂੰ ਹਸਪਤਾਲ ਲੈ ਕੇ ਆਏ ਹਨ।
ਬੇਟੀ ਨੇ ਦੱਸਿਆ ਕਿ ਸਚਿਨ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਹੈ। ਬੇਟੀ ਨੇ ਦੱਸਿਆ ਕਿ ਸਚਿਨ ਦੀ ਦੇਹ ਨੂੰ 2 ਦਿਨਾਂ ਤੱਕ ਪੋਸਟ ਮਾਰਟਮ ਲਈ ਹਸਪਤਾਲ ਵਿਚ ਰੱਖਿਆ ਜਾਵੇਗਾ। ਪਰਿਵਾਰ ਨੇ ਸਰਕਾਰ ਤੋਂ ਆਪਣੇ ਪੁੱਤਰ ਦੀ ਦੇਹ ਨੂੰ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ। ਹੁਸ਼ਿਆਰਪੁਰ ਦੇ ਸੰਸਦ ਮੈਂਬਰ ਸੋਮ ਪ੍ਰਕਾਸ਼ ਅਤੇ ਵਿਜੇ ਸਾਂਪਲਾ ਨੇ ਵੀ ਪੀੜਤ ਪਰਿਵਾਰ ਨਾਲ ਫੋਨ ਉਤੇ ਹਮਦਰਦੀ ਪ੍ਰਗਟਾਈ ਹੈ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ।