ਜਿਲ੍ਹਾ ਲੁਧਿਆਣਾ (ਪੰਜਾਬ) ਦੇ ਖੰਨਾ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ ਅਮੀਰਜ਼ਾਦੇ ਪੁੱਤਰ ਦੀ ਤੇਜ਼ ਰਫਤਾਰ ਥਾਰ ਜੀਪ ਨੇ ਮਸ਼ਹੂਰ ਗਾਇਕ ਬੱਬੂ ਮਾਨ ਦੇ ਉਸਤਾਦ ਦੀ ਜਾਨ ਲਈ। ਇਸ ਹਾਦਸੇ ਵਿੱਚ ਪਾਲੀਵੁੱਡ ਦੀਆਂ ਸੁਪਰਹਿੱਟ ਫਿਲਮਾਂ ਏਕਮ ਅਤੇ ਹਸ਼ਰ ਤੋਂ ਇਲਾਵਾ ਵੱਡੇ ਅਤੇ ਛੋਟੇ ਪਰਦੇ ਉਤੇ ਕਈ ਫਿਲਮਾਂ ਦੇ ਸਕ੍ਰਿਪਟ ਰਾਈਟਰ ਤਰਲੋਚਨ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਉਹ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤ ਅਕਾਦਮੀ ਨਾਲ ਜੁੜੇ ਉੱਘੇ ਲੇਖਕ ਸਨ। ਉਨ੍ਹਾਂ ਦੀ 65 ਸਾਲ ਦੀ ਉਮਰ ਵਿੱਚ ਇੱਕ ਹਾਦਸੇ ਵਿੱਚ ਮੌ-ਤ ਹੋ ਗਈ।
ਮਾਸਟਰ ਤਰਲੋਚਨ ਸਿੰਘ ਸਕੂਟਰੀ ਉਤੇ ਸਵਾਰ ਹੋ ਕੇ ਘਰ ਜਾ ਰਹੇ ਸਨ। ਭਗਵਾਨਪੁਰਾ ਰੋਡ ਉਤੇ ਜਿੱਥੇ ਬਿਲਕੁਲ ਵੀ ਆਵਾਜਾਈ ਨਹੀਂ ਹੁੰਦੀ, ਉੱਥੇ ਗਲਤ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਥਾਰ ਜੀਪ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਜੀਪ ਦੀ ਰਫ਼ਤਾਰ ਕਾਫੀ ਤੇਜ਼ ਸੀ। ਜੀਪ ਚਲਾ ਰਹੇ ਲੜਕੇ ਦਾ ਜੀਪ ਉਤੇ ਕੰਟਰੋਲ ਨਹੀਂ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਜੀਪ ਘੜੀਸਦੇ ਹੋਏ ਲੈ ਗਈ
ਜੀਪ ਤਰਲੋਚਨ ਸਿੰਘ ਨੂੰ ਘਸੀਟ ਕੇ ਦੂਰ ਤੱਕ ਲੈ ਗਈ। ਕੰਧ ਅਤੇ ਜੀਪ ਵਿਚਕਾਰ ਫਸ ਜਾਣ ਕਾਰਨ ਤਰਲੋਚਨ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜੀਪ ਚਲਾ ਰਿਹਾ ਲੜਕਾ ਸ਼ਹਿਰ ਦੇ ਇੱਕ ਨਾਮੀ ਹਸਪਤਾਲ ਸੰਚਾਲਕ ਦਾ ਪੁੱਤਰ ਦੱਸਿਆ ਜਾ ਰਿਹਾ ਹੈ, ਜੋ ਹਾਦਸੇ ਤੋਂ ਬਾਅਦ ਜੀਪ ਛੱਡ ਕੇ ਫਰਾਰ ਹੋ ਗਿਆ। ਡੀ. ਐਸ. ਪੀ. ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜੀਪ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਦੋਸ਼ੀ ਚਾਹੇ ਕੋਈ ਵੀ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੋਸਤਾਂ ਨਾਲ ਬੈਠੇ ਸਨ ਤਰਲੋਚਨ ਸਿੰਘ
ਮਾਸਟਰ ਤਰਲੋਚਨ ਸਿੰਘ ਲੇਖਕ ਮੰਚ ਸਮਰਾਲਾ ਦੇ ਮੀਤ ਪ੍ਰਧਾਨ ਵੀ ਸਨ। 13 ਅਗਸਤ ਨੂੰ ਮੰਚ ਦੀ ਮੀਟਿੰਗ ਹੋਣੀ ਸੀ। ਇਸ ਮੀਟਿੰਗ ਸਬੰਧੀ ਤਰਲੋਚਨ ਸਿੰਘ ਆਪਣੇ ਦੋਸਤਾਂ ਨਾਲ ਬੈਠਾ ਸਨ। ਮੰਚ ਦੇ ਪ੍ਰਧਾਨ ਦਲਜੀਤ ਸ਼ਾਹੀ ਨਾਲ ਵਿਚਾਰ ਵਟਾਂਦਰਾ ਕਰ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਤਾਂ ਉਹ ਉਥੋਂ ਸਕੂਟਰੀ ਲੈ ਕੇ ਚਲ ਪਏ। 5 ਮਿੰਟ ਬਾਅਦ ਦਲਜੀਤ ਸ਼ਾਹੀ ਨੂੰ ਫੋਨ ਉਤੇ ਸੂਚਨਾ ਮਿਲੀ ਕਿ ਮਾਸਟਰ ਜੀ ਦਾ ਐਕਸੀਡੈਂਟ ਹੋ ਗਿਆ ਹੈ। ਜਦੋਂ ਉਨ੍ਹਾਂ ਨੇ ਮੌਕੇ ਉਤੇ ਜਾ ਕੇ ਦੇਖਿਆ ਤਾਂ ਤਰਲੋਚਨ ਸਿੰਘ ਦੀ ਮੌ-ਤ ਹੋ ਚੁੱਕੀ ਸੀ।
ਸਾਹਿਤ ਜਗਤ ਵਿਚ ਛਾਇਆ ਸੋਗ
ਮਾਸਟਰ ਤਰਲੋਚਨ ਸਿੰਘ ਦੀ ਮੌ-ਤ ਤੋਂ ਬਾਅਦ ਸਾਹਿਤ ਜਗਤ ਵਿਚ ਸੋਗ ਦੀ ਲਹਿਰ ਛਾ ਗਈ ਹੈ। ਲੇਖਕ ਮੰਚ ਸਮਰਾਲਾ ਦੇ ਪ੍ਰਧਾਨ ਦਲਜੀਤ ਸ਼ਾਹੀ ਨੇ ਕਿਹਾ ਕਿ ਪੰਜਾਬ ਦੇ ਨਹੀਂ ਸਗੋਂ ਭਾਰਤ ਦੇ ਲੇਖਕਾਂ ਨੂੰ ਪਿਆ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ। ਮਾਸਟਰ ਤਰਲੋਚਨ ਸਿੰਘ ਨਾਮਵਰ ਲੇਖਕ ਸਨ। ਜਿਨ੍ਹਾਂ ਨੇ ਆਪਣੀ ਲੇਖਣੀ ਨਾਲ ਕਈ ਲੋਕਾਂ ਨੂੰ ਸੁਪਰਹਿੱਟ ਕੀਤਾ।