ਪੰਜਾਬ ਵਿਚ ਨਕੋਦਰ ਤੋਂ ਜਲੰਧਰ ਮੁੱਖ ਮਾਰਗ ਉਤੇ ਪਿੰਡ ਕੰਗ ਸਾਹਬੂ ਨੇੜੇ ਵਾਪਰੇ ਇਕ ਦੁਖ-ਦਾਈ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਪੁਲਿਸ ਕਰਮੀ ਦੀ ਟਰੱਕ ਹੇਠਾਂ ਆਉਣ ਨਾਲ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਏ. ਐਸ. ਆਈ. ਜਨਕ ਰਾਜ ਪੁਲਿਸ ਟੀਮ ਸਮੇਤ ਮੌਕੇ ਉਤੇ ਪਹੁੰਚੇ, ਜਿਨ੍ਹਾਂ ਨੇ ਹਾਦਸਾ-ਗ੍ਰਸਤ ਵਾਹਨ ਨੂੰ ਕਬਜ਼ੇ ਵਿਚ ਲੈ ਕੇ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਹੈ।
ਮ੍ਰਿਤਕ ਦੀ ਪਹਿਚਾਣ ਸੁਖਜੀਤ ਸਿੰਘ ਪੁੱਤਰ ਰਣਜੋਧ ਸਿੰਘ ਵਾਸੀ ਪਿੰਡ ਰਾਏਪੁਰ ਰਈਆ ਮਹਿਤਪੁਰ ਦੇ ਰੂਪ ਵਜੋਂ ਹੋਈ ਹੈ। ਸਦਰ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਮ੍ਰਿਤਕ ਦੇ ਚਾਚੇ ਦੇ ਲੜਕੇ ਬਖਸ਼ੀਸ਼ ਸਿੰਘ ਪੁੱਤਰ ਤਖ਼ਤ ਸਿੰਘ ਵਾਸੀ ਮਹਿਤਪੁਰ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਅੱਜ ਸਵੇਰੇ 1.30 ਵਜੇ ਉਹ ਆਪਣੀ ਲਸਣ ਦੀ ਫਸਲ ਲੈ ਕੇ ਜਲੰਧਰ ਦੀ ਸਬਜ਼ੀ ਮੰਡੀ ਵਿਚ ਗਿਆ ਸੀ। ਜਿੱਥੇ ਉਹ ਸ਼ਾਮ ਕਰੀਬ 6 ਵਜੇ ਲਸਣ ਵੇਚ ਕੇ ਵਾਪਸ ਆ ਰਿਹਾ ਸੀ ਤਾਂ ਨਕੋਦਰ ਚੌਕ ਨੇੜੇ ਉਸ ਦੇ ਚਾਚੇ ਦਾ ਲੜਕਾ ਸੁਖਜੀਤ ਸਿੰਘ ਵਾਸੀ ਰਾਏਪੁਰ ਰਈਆ ਮਹਿਤਪੁਰ ਉਸ ਨੂੰ ਮਿਲਿਆ। ਜੋ ਗੁਰਬਾਜ ਸਿੰਘ ਐਸ. ਪੀ. ਹੈੱਡ ਕੁਆਟਰ ਪਠਾਨਕੋਟ ਵਿਖੇ ਗੰਨਮੈਨ ਦੇ ਵਜੋਂ ਕੰਮ ਕਰਦਾ ਸੀ।
ਉਹ ਆਪਣੇ ਮੋਟਰਸਾਈਕਲ ਸਾਈਕਲ ਉਤੇ ਸਵਾਰ ਸੀ ਅਤੇ ਮੈਂ ਆਪਣੇ ਮੋਟਰਸਾਈਕਲ ਉਤੇ ਉਸ ਦੇ ਪਿੱਛੇ ਜਾ ਰਿਹਾ ਸੀ। ਜਦੋਂ ਅਸੀਂ ਨਕੋਦਰ ਵਾਲੀ ਸਾਈਡ ਤੋਂ ਕੰਗ ਸਾਹਬੂ ਅੱਡਾ ਕੋਲ ਆ ਰਹੇ ਸੀ ਤਾਂ ਇਕ ਆਈਸ਼ਰ ਕੈਟਰ ਦਾ ਡਰਾਈਵਰ ਬੜੀ ਲਾਪ੍ਰਵਾਹੀ ਨਾਲ ਗੱਡੀ ਚਲਾ ਰਿਹਾ ਸੀ ਜਿਸ ਨੇ ਪਹਿਲਾਂ ਸੱਜੇ ਪਾਸੇ ਵੱਲ ਆਪਣਾ ਟਰੱਕ ਲੈ ਲਿਆ ਅਤੇ ਡਿਵਾਈਡਰ ਵਿਚ ਟੱਕਰ ਮਾਰਨ ਤੋਂ ਬਾਅਦ, ਉਹ ਤੇਜ਼ੀ ਨਾਲ ਖੱਬੇ ਵੱਲ ਮੋੜ ਕੇ ਫਿਰ ਸੱਜੇ ਪਾਸੇ ਨੂੰ ਕੱਟ ਮਾਰਿਆ। ਦੇਖਦੇ ਹੀ ਦੇਖਦੇ ਟਰੱਕ ਦਾ ਮੂੰਹ ਮੁੜ ਨਕੋਦਰ ਵੱਲ ਨੂੰ ਹੋ ਗਿਆ ਅਤੇ ਟਰੱਕ ਪਲਟੀ ਖਾ ਕੇ ਮੇਰੇ ਚਾਚੇ ਦੇ ਲੜਕੇ ਸੁਖਜੀਤ ਸਿੰਘ ਉਤੇ ਪਲਟ ਗਿਆ। ਜਦੋਂ ਮੈਂ ਮੋਟਰਸਾਈਕਲ ਰੋਕ ਕੇ ਜਾ ਕੇ ਦੇਖਿਆ ਤਾਂ ਮੋਟਰਸਾਈਕਲ ਸਵਾਰ ਸੁਖਜੀਤ ਸਿੰਘ ਟਰੱਕ ਦੇ ਮੂਹਰਲੇ ਪਾਸੇ ਮ੍ਰਿਤਕ ਹਾਲ ਵਿਚ ਪਿਆ ਸੀ। ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।
ਇਸ ਮਾਮਲੇ ਸਬੰਧੀ ਜਾਂਚ ਕਰ ਰਹੇ ਜਾਂਚ ਅਫ਼ਸਰ ਏ. ਐਸ. ਆਈ. ਜਨਕ ਰਾਜ ਨੇ ਦੱਸਿਆ ਕਿ ਬਖਸ਼ੀਸ਼ ਸਿੰਘ ਪੁੱਤਰ ਤਖ਼ਤ ਸਿੰਘ ਵਾਸੀ ਮਹਿਤਪੁਰ ਦੇ ਬਿਆਨਾਂ ਉਤੇ ਥਾਣਾ ਸਦਰ ਨਕੋਦਰ ਵਿਖੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਸੁਖਜੀਤ ਸਿੰਘ ਦਾ ਪੋਸਟ ਮਾਰਟਮ ਕਰਵਾ ਕੇ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਗਈ।