ਪੰਜਾਬ ਵਿਚ ਬਠਿੰਡੇ ਜਿਲ੍ਹੇ ਦੇ ਪਿੰਡ ਜਲਾਲ ਦੀ 21 ਸਾਲ ਉਮਰ ਦੀ ਲੜਕੀ ਨਾਲ ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਲੜਕੀ ਦੀ ਮੌ-ਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਪਿੰਡ ਜਲਾਲ ਦੀ ਰਹਿਣ ਵਾਲੀ ਜਸਮੀਨ ਕੌਰ ਗੋਂਦਾਰਾ ਦਾ ਵਿਆਹ 5 ਅਗਸਤ 2022 ਨੂੰ ਫਰੀਦਕੋਟ ਦੇ ਰਹਿਣ ਵਾਲੇ ਸਤਵਿੰਦਰ ਸਿੰਘ ਦੇ ਨਾਲ ਹੋਇਆ ਸੀ ਅਤੇ ਉਹ 25 ਅਗਸਤ ਨੂੰ ਪੜ੍ਹਾਈ ਕਰਨ ਅਤੇ ਆਪਣੇ ਚੰਗੇ ਭਵਿੱਖ ਦੀ ਤਲਾਸ਼ ਲਈ ਕੈਨੇਡਾ ਚਲੀ ਗਈ ਸੀ।
ਆਪਣੇ ਘਰ ਵਾਪਸ ਜਾਂਦੇ ਸਮੇਂ ਜਸਮੀਨ ਕੌਰ ਨਾਲ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਜਖਮੀ ਹੋਈ ਜਸਮੀਨ ਕੌਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌ-ਤ ਹੋ ਗਈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੀਲ ਏਰੀਏ ਦੀ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਵਿੱਚ ਇੱਕ ਵਾਹਨ ਦੀ ਲਪੇਟ ਵਿਚ ਆਉਣ ਨਾਲ ਇੱਕ ਔਰਤ ਦੀ ਮੌ-ਤ ਹੋ ਗਈ। ਇਹ ਹਾਦਸਾ ਵੈਲੀਵੇਅ ਡਰਾਈਵ ਦੇ ਦੱਖਣ ਵੱਲ ਚਿੰਗੁਆਕੌਸੀ ਰੋਡ ਉਤੇ ਹੋਇਆ ਹੈ। ਕਿਸੇ ਪੈਦਲ ਯਾਤਰੀਆਂ ਨਾਲ ਟੱਕਰ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਐਮਰਜੈਂਸੀ ਅਮਲੇ ਨੂੰ ਰਾਤ ਦੇ 11 ਵਜੇ ਤੋਂ ਬਾਅਦ ਮੇਜਰ ਵਿਲੀਅਮ ਸ਼ਾਰਪ ਡਰਾਈਵ ਅਤੇ ਚਿੰਗੁਆਕੁਸੀ ਰੋਡ ਉਤੇ ਬੁਲਾਇਆ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਔਰਤ ਦੀ ਹਸਪਤਾਲ ਵਿੱਚ ਮੁੱਢਲੀ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਵਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ। ਡਰਾਈਵਰ ਮੌਕੇ ਉਤੇ ਹੀ ਰਿਹਾ ਅਤੇ ਜਾਂਚ ਵਿਚ ਸਹਿਯੋਗ ਕਰ ਰਿਹਾ ਹੈ। ਜਾਂਚ ਜਾਰੀ ਹੈ ਅਤੇ ਮੇਜਰ ਕੋਲੀਜ਼ਨ ਬਿਊਰੋ ਨੇ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਹਾਦਸੇ ਦੇ ਹਾਲਾਤਾਂ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ। ਇਹ ਸਪੱਸ਼ਟ ਨਹੀਂ ਹੈ ਕਿ ਜਸਮੀਨ ਕੌਰ ਮੋਟਰਸਾਈਕਲ ਉਤੇ ਸਵਾਰ ਸੀ ਜਾਂ ਪੈਦਲ ਜਾ ਰਹੀ ਸੀ।