ਜਿਲ੍ਹਾ ਕਪੂਰਥਲਾ (ਪੰਜਾਬ) ਭੁਲੱਥ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਇੱਕ ਵਿਅਕਤੀ ਪਾਣੀ ਦੇ ਤੇਜ਼ ਬਹਾਅ ਦੀ ਲਪੇਟ ਵਿੱਚ ਆ ਕੇ ਲਾ-ਪ-ਤਾ ਹੋ ਗਿਆ। ਪ੍ਰਸ਼ਾਸਨ ਵੱਲੋਂ ਉਸ ਵਿਅਕਤੀ ਦੀ ਪਿਛਲੇ 30 ਘੰਟਿਆਂ ਤੋਂ ਭਾਲ ਕੀਤੀ ਜਾ ਰਹੀ ਹੈ, ਪਰ ਕੁਝ ਵੀ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰ ਸਦਮੇ ਵਿਚ ਹਨ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸ. ਡੀ. ਐਮ. ਭੁਲੱਥ ਸੰਜੀਵ ਸ਼ਰਮਾ ਨੇ ਦੱਸਿਆ ਕਿ ਐਨ. ਡੀ. ਆਰ. ਐਫ. ਅਤੇ ਫੌਜ ਦੀਆਂ ਟੀਮਾਂ ਲਾਪਤਾ ਵਿਅਕਤੀ ਦੀ ਭਾਲ ਵਿਚ ਲੱਗੀਆਂ ਹੋਈਆਂ ਹਨ।
ਉਕਤ ਵਿਅਕਤੀ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਜਦੋਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ ਤਾਂ ਉਸ ਦੇ ਪੁੱਤਰ ਲਖਵੀਰ ਸਿੰਘ ਉਰਫ਼ ਲੱਖਾ ਉਮਰ 45 ਸਾਲ ਅਤੇ ਪੋਤਰਾ ਆਕਾਸ਼ਦੀਪ ਸਿੰਘ ਸਮਾਨ ਸਾਈਡ ਉਤੇ ਕਰਨ ਲਈ ਗਏ ਸੀ। ਇਸ ਦੌਰਾਨ ਅਚਾਨਕ ਉਨ੍ਹਾਂ ਦੀ ਇੱਕ ਮੱਝ ਪਾਣੀ ਵਿੱਚ ਡਿੱਗ ਗਈ, ਜਿਸ ਨੂੰ ਬਚਾਉਣ ਲਈ ਲਖਵੀਰ ਸਿੰਘ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ।
ਆਪਣੇ ਪਿਤਾ ਨੂੰ ਬਚਾਉਣ ਲਈ ਉਸ ਦੇ ਪੋਤਾ ਅਕਾਸ਼ਦੀਪ ਨੇ ਵੀ ਪਾਣੀ ਵਿੱਚ ਛਾਲ ਮਾਰ ਦਿੱਤੀ। ਇਨ੍ਹਾਂ ਦੋਵਾਂ ਨੂੰ ਦੇਖ ਕੇ ਉਨ੍ਹਾਂ ਦਾ ਇਕ ਗੁਆਂਢੀ ਵੀ ਉਨ੍ਹਾਂ ਨੂੰ ਬਚਾਉਣ ਲਈ ਪਾਣੀ ਵਿਚ ਉਤਰ ਗਿਆ। ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਤਿੰਨੋਂ ਗਾਇਬ ਹੋ ਗਏ ਅਤੇ ਕੁਝ ਸਮੇਂ ਬਾਅਦ ਉਸ ਦੇ ਪੋਤਰੇ ਆਕਾਸ਼ਦੀਪ ਅਤੇ ਗੁਆਂਢੀ ਨੂੰ ਬਚਾਅ ਕਾਰਜ ਵਿੱਚ ਲੱਗੇ ਲੋਕਾਂ ਨੇ ਬਚਾ ਲਿਆ। ਪਰ ਲਖਵੀਰ ਸਿੰਘ ਅਜੇ ਵੀ ਲਾਪਤਾ ਹੈ।
ਪਰਿਵਾਰ ਨੇ ਕਿਹਾ- ਪ੍ਰਸ਼ਾਸਨ ਨੇ ਸਮੇਂ ਸਿਰ ਨਹੀਂ ਦਿੱਤੀ ਸੂਚਨਾ
ਪੀੜਤ ਪਰਿਵਾਰ ਵਲੋਂ ਪ੍ਰਸ਼ਾਸਨ ਖਿਲਾਫ ਆਪਣਾ ਗੁੱਸਾ ਜਤਾਇਆ ਗਿਆ ਹੈ। ਪਰਿਵਾਰ ਨੇ ਕਿਹਾ- ਜੇਕਰ ਸਮੇਂ ਸਿਰ ਸੂਚਿਤ ਕੀਤਾ ਹੁੰਦਾ ਤਾਂ ਅਜਿਹੀ ਸਥਿਤੀ ਪੈਦਾ ਨਾ ਹੁੰਦੀ।
ਡੀ. ਸੀ. ਅਤੇ ਐਸ. ਐਸ. ਪੀ. ਪਰਿਵਾਰ ਨੂੰ ਮਿਲੇ
ਜਦੋਂ ਕਿ ਡੀ. ਸੀ. ਕਪੂਰਥਲਾ ਕਰਨੈਲ ਸਿੰਘ ਅਤੇ ਐਸ. ਐਸ. ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਅਤੇ ਲਾਪਤਾ ਵਿਅਕਤੀ ਨੂੰ ਜਲਦੀ ਲੱਭਣ ਦਾ ਭਰੋਸਾ ਦਿੱਤਾ ਹੈ।