ਪੰਜਾਬ ਸੂਬੇ ਦੇ ਬਟਾਲਾ ਵਿਚ ਪੈਂਦੀ ਇਕ ਫੈਕਟਰੀ ਵਿਚ ਕੰਮ ਕਰ ਰਹੀ ਔਰਤ ਨਾਲ ਦੁਖ-ਦਾਈ ਹਾਦਸਾ ਵਾਪਰ ਗਿਆ। ਅੰਮ੍ਰਿਤਸਰ ਰੋਡ ਉਤੇ ਸਥਿਤ ਅਮਿਤ ਬਰਤਨ ਬਣਾਉਣ ਵਾਲੀ ਫੈਕਟਰੀ ਦੇ ਵਿਚ ਮਸ਼ੀਨ ਵਿਚ ਫਸਣ ਨਾਲ ਪ੍ਰਵਾਸੀ ਔਰਤ ਅਨੁਸ਼ਕਾ ਉਮਰ 25 ਸਾਲ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ਵਿਚ ਔਰਤ ਦੇ ਵਾਲ ਫਸ ਗਏ ਸਨ। ਉਨ੍ਹਾਂ ਨੂੰ ਬਾਹਰ ਕੱਢਦੇ ਸਮੇਂ ਉਹ ਆਪ ਮਸ਼ੀਨ ਦੀ ਲਪੇਟ ਵਿਚ ਆ ਗਈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
ਪਰਿਵਾਰਕ ਮੈਂਬਰਾਂ ਨੇ ਕੀਤੀ ਇਨਸਾਫ਼ ਦੀ ਮੰਗ
ਇਸ ਮਾਮਲੇ ਵਿਚ ਮ੍ਰਿਤਕ ਔਰਤ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਅਨੁਸ਼ਕਾ ਦਾ ਵਿਆਹ ਕਈ ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਇੱਕ ਬੇਟੀ ਵੀ ਹੈ। ਉਸ ਦਾ ਪਤੀ ਉਸ ਨੂੰ ਛੱਡ ਕੇ ਜਾ ਚੁਕਿਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਆਪਣੀ ਬੇਟੀ ਦੀ ਪਰਵਰਿਸ਼ ਕਰਨ ਦੇ ਲਈ ਬਟਾਲਾ ਵਿੱਚ ਅਮਿਤ ਹੋਮ ਨਾਮ ਦੀ ਭਾਂਡੇ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੀ ਸੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਦੂਜੇ ਪਾਸੇ ਉਕਤ ਫੈਕਟਰੀ ਦੇ ਵਿਚ ਜਾਂਚ ਲਈ ਪਹੁੰਚੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਦੇਹ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਜਿਸ ਦੀ ਵੀ ਲਾਪ੍ਰਵਾਹੀ ਸਾਹਮਣੇ ਆਈ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।