ਪੰਜਾਬ ਵਿਚ ਨਵਾਂਸ਼ਹਿਰ ਨੇੜਲੇ ਪਿੰਡ ਜੈਨਪੁਰ ਦੀ ਮੁੱਖ ਸੜਕ ਉਤੇ ਇੱਕ ਯਾਮਾ ਸਕੂਟਰ ਅਤੇ ਕਾਰ ਦੀ ਸਿੱਧੀ ਟੱਕਰ ਹੋ ਗਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌ-ਤ ਹੋ ਗਈ। ਇਸ ਮਾਮਲੇ ਦੀ ਸੂਚਨਾ ਮਿਲਣ ਤੇ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਦੋਵੇਂ ਹੀ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਕਾਰ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਬਾਰੇ ਹਾਸਲ ਜਾਣਕਾਰੀ ਅਨੁਸਾਰ ਮਾਡਰਨ ਇਨਕਲੇਵ ਬਲਟਾਣਾ ਜ਼ਿਲਾ ਐਸ. ਏ. ਐਸ. ਨਗਰ ਦੇ ਰਹਿਣ ਵਾਲੇ ਤ੍ਰਿਲੋਕ ਚੰਦ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਉਹ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ਦੇ ਰਹਿਣ ਵਾਲੇ ਆਪਣੇ ਰਿਸ਼ਤੇਦਾਰ ਦੇਸ਼ਰਾਜ ਨੂੰ ਮਿਲਣ ਲਈ ਆਪਣੀ ਐਕਟਿਵਾ ਉਤੇ ਸਵਾਰ ਹੋਕੇ ਪਿੰਡ ਪੰਡੋਰੀ ਨੂੰ ਜਾ ਰਹੇ ਸਨ। ਵੱਡਾ ਲੜਕਾ ਰਾਜਿੰਦਰ ਕੁਮਾਰ ਉਮਰ 45 ਸਾਲ ਆਪਣੇ ਸਕੂਟਰ ਨੰਬਰ ਪੀਬੀ 70 ਜੇ 2178 ਉਤੇ ਸਵਾਰ ਹੋਕੇ ਬਲਟਾਣਾ ਤੋਂ ਉਨ੍ਹਾਂ ਦੇ ਨਾਲ ਚਲਿਆ ਸੀ।
ਅੱਗੇ ਜਾ ਰਿਹਾ ਸੀ ਪੁੱਤਰ
ਪੁੱਤਰ ਸਾਡੇ ਤੋਂ ਅੱਗੇ ਜਾ ਰਿਹਾ ਸੀ। ਜਦੋਂ ਅਸੀਂ ਮੁੱਖ ਮਾਰਗ ਬਲਾਚੌਰ ਤੋਂ ਗੜ੍ਹਸ਼ੰਕਰ ਰੋਡ ਉਤੇ ਸਥਿਤ ਪਿੰਡ ਜੈਨਪੁਰ ਕੋਲ ਪਹੁੰਚੇ ਤਾਂ ਗੜ੍ਹਸ਼ੰਕਰ ਵਾਲੇ ਪਾਸਿਓਂ ਇੱਕ ਕਾਲੇ ਰੰਗ ਦੀ ਕਾਰ ਬਹੁਤ ਤੇਜ਼ੀ ਨਾਲ ਆਈ, ਜਿਸ ਨੇ ਗਲਤ ਦਿਸ਼ਾ ਵਿਚ ਆ ਕੇ ਮੇਰੇ ਲੜਕੇ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਮੇਰਾ ਲੜਕਾ ਆਪਣੇ ਸਕੂਟਰ ਤੋਂ ਬੁੜਕ ਕੇ ਉਸ ਦੀ ਕਾਰ ਦੇ ਸਾਹਮਣੇ ਵਾਲੇ ਸ਼ੀਸ਼ੇ ਵਿਚ ਲੱਗਿਆ, ਜਿਸ ਕਾਰਨ ਉਸ ਦੇ ਸਿਰ ਅਤੇ ਸਰੀਰ ਉਤੇ ਗੰਭੀਰ ਸੱਟਾਂ ਲੱਗ ਗਈਆਂ।
ਮੇਰੇ ਪੁੱਤਰ ਦਾ ਸਕੂਟਰ ਵੀ ਚਕਨਾ-ਚੂਰ ਹੋ ਗਿਆ। ਮੌਕੇ ਉਤੇ ਜਦੋਂ ਲੜਕੇ ਨੂੰ ਨਿੱਜੀ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੀ ਰਸਤੇ ਵਿਚ ਮੌ-ਤ ਹੋ ਗਈ। ਉਸ ਤੋਂ ਬਾਅਦ ਜਦੋਂ ਅਸੀਂ ਕਾਰ ਡਰਾਈਵਰ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਦਾ ਨਾਮ ਗੁਰਪ੍ਰੀਤ ਸਿੰਘ ਵਾਸੀ ਧਰਮਗੜ੍ਹ ਥਾਣਾ ਲਾਲੜੂ, ਡੇਰਾਬਸੀ ਜ਼ਿਲ੍ਹਾ ਮੁਹਾਲੀ ਪਤੀ ਲੱਗਿਆ।
ਕਾਰ ਡਰਾਈਵਰ ਖਿਲਾਫ ਮਾਮਲਾ ਦਰਜ
ਜਿਸ ਤਹਿਤ ਥਾਣਾ ਸਦਰ ਬਲਾਚੌਰ ਦੇ ਐਸ. ਐਚ. ਓ. ਨੇ ਉਕਤ ਕਾਰ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਕੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਪੋਸਟ ਮਾਰਟਮ ਤੋਂ ਬਾਅਦ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।