ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਅੱਤ-ਵਾ-ਦੀਆਂ ਨਾਲ ਹੋਏ ਮੁਕਾਬਲੇ ਵਿਚ ਪੰਜਾਬ ਦੇ ਮੋਹਾਲੀ ਜ਼ਿਲੇ ਦੇ ਪਿੰਡ ਭਦੋਂਜੀਆ ਵਿਚ ਜਿਵੇਂ ਹੀ ਕਰਨਲ ਮਨਪ੍ਰੀਤ ਸਿੰਘ ਉਮਰ 41 ਸਾਲ ਦੇ ਸ਼ਹੀਦ ਹੋਣ ਦੀ ਖਬਰ ਮਿਲੀ ਤਾਂ ਸੋਗ ਦੀ ਲਹਿਰ ਛਾ ਗਈ। ਪਿੰਡ ਵਾਸੀਆਂ ਦੀਆਂ ਅੱਖਾਂ ਨਮ ਸਨ। ਹਰ ਕੋਈ ਉਸ ਦੀ ਬਹਾਦਰੀ ਦੀਆਂ ਗੱਲਾਂ ਕਰ ਰਿਹਾ ਸੀ।
ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨਲ ਮਨਪ੍ਰੀਤ ਸਿੰਘ ਨੇ ਕਈ ਵਾਰ ਆਪਣੀ ਬਹਾਦਰੀ ਦਿਖਾਉਂਦੇ ਹੋਏ ਦੁਸ਼ਮਣਾਂ ਤੋਂ ਛੱਕੇ ਛੁਡਾਏ ਸਨ। ਇਸ ਬਹਾਦਰੀ ਲਈ ਭਾਰਤੀ ਫੌਜ ਨੇ ਉਨ੍ਹਾਂ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਸੀ। ਦੂਜੇ ਪਾਸੇ ਮਾਂ ਮਨਜੀਤ ਕੌਰ ਆਪਣੇ ਪੁੱਤਰ ਦੀ ਮੌ-ਤ ਦੀ ਖ਼ਬਰ ਸੁਣ ਕੇ ਗਹਿਰੇ ਸਦਮੇ ਵਿਚ ਹੈ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਬਚਪਨ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ। ਉਸ ਨੇ ਮੁੱਲਾਂਪੁਰ ਵਿੱਚ ਏਅਰ ਫੋਰਸ ਸਟੇਸ਼ਨ ਨੇੜੇ ਕੇਂਦਰੀ ਵਿਦਿਆਲਿਆ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ।
ਕਰਨਲ ਮਨਪ੍ਰੀਤ ਸਿੰਘ ਦੀ ਪਤਨੀ ਜਗਮੀਤ ਕੌਰ ਅਧਿਆਪਕਾ ਹੈ। ਉਹ ਪੰਚਕੂਲਾ ਦੇ ਸੈਕਟਰ-26 ਵਿੱਚ ਸੱਤ ਸਾਲ ਦੇ ਬੇਟੇ ਕਬੀਰ ਅਤੇ ਢਾਈ ਸਾਲ ਦੀ ਬੇਟੀ ਵਾਨੀ ਨਾਲ ਰਹਿੰਦੀ ਹੈ। ਕਰਨਲ ਮਨਪ੍ਰੀਤ ਸਿੰਘ ਦਾ ਸਹੁਰਾ ਘਰ ਵੀ ਪੰਚਕੂਲਾ ਵਿੱਚ ਹੈ। ਇਸੇ ਦੌਰਾਨ ਭਰਾ ਦੀ ਮੌ-ਤ ਦੀ ਖ਼ਬਰ ਸੁਣ ਕੇ ਭੈਣ ਸੰਦੀਪ ਕੌਰ ਵੀ ਆਪਣੇ ਪੇਕੇ ਘਰ ਰਵਾਨਾ ਹੋ ਗਈ ਹੈ।
ਮਨਪ੍ਰੀਤ ਸਿੰਘ ਸਾਲ 2003 ਵਿੱਚ ਫੌਜ ਵਿੱਚ ਲੈਫਟੀਨੈਂਟ ਕਰਨਲ ਬਣਿਆ। ਸਾਲ 2005 ਵਿੱਚ ਉਨ੍ਹਾਂ ਨੂੰ ਕਰਨਲ ਦੇ ਅਹੁਦੇ ਉਤੇ ਤਰੱਕੀ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੇ ਦੁਸ਼ਮਣਾਂ ਵਿਰੁੱਧ ਭਾਰਤੀ ਫੌਜ ਦੇ ਕਈ ਆਪਰੇਸ਼ਨਾਂ ਦੀ ਅਗਵਾਈ ਕੀਤੀ। ਛੋਟੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਕਰਨਲ ਮਨਪ੍ਰੀਤ ਸਿੰਘ 2019 ਤੋਂ 2021 ਤੱਕ ਫੌਜ ਵਿੱਚ ਸੈਕਿੰਡ ਇਨ ਕਮਾਂਡ ਵਜੋਂ ਤਾਇਨਾਤ ਸਨ। ਬਾਅਦ ਵਿੱਚ ਉਨ੍ਹਾਂ ਨੇ ਕਮਾਂਡਿੰਗ ਅਫਸਰ ਵਜੋਂ ਕੰਮ ਕੀਤਾ।
ਤਿੰਨ ਪੀੜ੍ਹੀਆਂ ਤੋਂ ਦੇਸ਼ ਦੀ ਸੇਵਾ ਕਰ ਰਿਹਾ ਹੈ ਪਰਿਵਾਰ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ 5.30 ਵਜੇ ਦੇ ਕਰੀਬ ਫੌਜ ਨੇ ਉਨ੍ਹਾਂ ਨੂੰ ਕਰਨਲ ਮਨਪ੍ਰੀਤ ਸਿੰਘ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ। ਇਹ ਵੀ ਦੱਸਿਆ ਗਿਆ ਕਿ ਕਰਨਲ ਮਨਪ੍ਰੀਤ ਸਿੰਘ ਦੀ ਦੇਹ ਵੀਰਵਾਰ ਸ਼ਾਮ 4 ਵਜੇ ਮੋਹਾਲੀ ਲਿਆਂਦੀ ਜਾਵੇਗੀ। ਇਹ ਉਨ੍ਹਾਂ ਦੇ ਪਰਿਵਾਰ ਦੀ ਤੀਜੀ ਪੀੜ੍ਹੀ ਸੀ ਜੋ ਸਰਹੱਦਾਂ ਉਤੇ ਦੇਸ਼ ਦੀ ਸੇਵਾ ਕਰ ਰਹੀ ਸੀ। ਕਰਨਲ ਮਨਪ੍ਰੀਤ ਸਿੰਘ ਦੇ ਦਾਦਾ ਸ਼ੀਤਲ ਸਿੰਘ, ਪਿਤਾ ਸ. ਲਖਮੀਰ ਸਿੰਘ ਅਤੇ ਚਾਚਾ ਰਣਜੀਤ ਸਿੰਘ ਵੀ ਭਾਰਤੀ ਫੌਜ ਵਿੱਚ ਸਨ।