ਪੰਜਾਬ ਵਿਚ ਜਲੰਧਰ ਤੋਂ ਪਠਾਨਕੋਟ ਨੈਸ਼ਨਲ ਹਾਈਵੇਅ ਉਤੇ ਪੈਂਦੇ ਪਿੰਡ ਰਾਜਧਾਨ ਨੇੜੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਘਰ ਪਰਤ ਰਹੇ ਪਿਉ-ਪੁੱਤ ਉਤੇ ਦਰੱਖਤ ਦਾ ਟਾਹਣਾ ਡਿੱਗਣ ਕਾਰਨ ਹਾਦਸਾ ਹੋ ਗਿਆ। ਜਿਸ ਵਿੱਚ ਪਿਤਾ ਦੀ ਮੌ-ਤ ਹੋ ਗਈ। ਜਦੋਂ ਕਿ 24 ਸਾਲਾ ਪੁੱਤਰ ਅਰਸ਼ਦੀਪ ਸਿੰਘ ਦਾ ਇਸ ਹਾਦਸੇ ਵਿਚ ਵਾਲ-ਵਾਲ ਬਚਾਅ ਹੋ ਗਿਆ। ਇਸ ਹਾਦਸੇ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਜ਼ਖਮੀ ਹੋਏ ਪਿਤਾ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਦਾ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਵਿਅਕਤੀ ਦੀ ਪਹਿਚਾਣ ਸਰਬਜੀਤ ਸਿੰਘ ਉਮਰ 50 ਸਾਲ ਪੁੱਤਰ ਸ਼ੰਕਰ ਸਿੰਘ ਵਾਸੀ ਟਾਂਡਾ, ਹੁਸ਼ਿਆਰਪੁਰ ਦੇ ਰੂਪ ਵਜੋਂ ਹੋਈ ਹੈ।
ਪਟਿਆਲਾ ਤੋਂ ਟਾਂਡਾ ਪਰਤ ਰਹੇ ਸਨ ਪਿਓ-ਪੁੱਤ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਪਿੰਡ ਟਾਂਡਾ ਰਾਮ ਸਹਾਏ ਦੇ ਰਹਿਣ ਵਾਲੇ ਹਨ ਅਤੇ ਖੇਤੀਬਾੜੀ ਦਾ ਕੰਮ ਕਰਦੇ ਹਨ। ਸ਼ੁੱਕਰਵਾਰ ਸਵੇਰੇ ਉਹ ਆਪਣੇ ਪਿਤਾ ਸਰਬਜੀਤ ਸਿੰਘ ਨਾਲ ਮੋਟਰਸਾਈਕਲ ਉਤੇ ਸਵਾਰ ਹੋਕੇ ਕਿਸੇ ਘਰੇਲੂ ਕੰਮ ਦੇ ਲਈ ਪਟਿਆਲਾ ਗਿਆ ਸੀ। ਵਾਪਸ ਆਉਂਦੇ ਸਮੇਂ ਜਦੋਂ ਉਹ ਪਠਾਨਕੋਟ ਨੈਸ਼ਨਲ ਹਾਈਵੇ ਉਤੇ ਪੈਂਦੇ ਪਿੰਡ ਰਾਜਧਾਨ ਕੋਲ ਪਹੁੰਚਿਆ ਤਾਂ ਅਚਾਨਕ ਸੜਕ ਕਿਨਾਰੇ ਦਰੱਖਤ ਦਾ ਟਾਹਣਾ ਮੋਟਰਸਾਇਕਲ ਉਤੇ ਡਿੱਗ ਪਿਆ।
ਜੋ ਸਿੱਧਾ ਪਿਤਾ ਦੇ ਸਿਰ ਉਤੇ ਡਿੱਗਿਆ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਘਟਨਾ ਦੇ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।