ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਲਾਡੋਵਾਲ ਫਲਾਈਓਵਰ ਉਤੇ ਇੱਕ ਆਲਟੋ ਕਾਰ ਖੰਭੇ ਨਾਲ ਟਕਰਾਉਣ ਤੋਂ ਬਾਅਦ ਕਈ ਪਲਟੀਆਂ ਖਾ ਗਈ। ਇਸ ਦੌਰਾਨ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌ-ਤ ਹੋ ਗਈ ਜਦੋਂ ਕਿ ਦੋ ਜਣੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਪ੍ਰਾਣ ਤਿਆਗਣ ਵਾਲੇ ਨੌਜਵਾਨ ਦੀ ਪਹਿਚਾਣ ਭਰਤ ਵਾਸੀ ਘੁਮਾਰ ਮੰਡੀ, ਲੁਧਿਆਣਾ ਦੇ ਰੂਪ ਵਜੋਂ ਹੋਈ ਹੈ। ਜ਼ਖ਼ਮੀ ਨੌਜਵਾਨਾਂ ਵਿੱਚ ਫਗਵਾੜਾ ਦਾ ਰਹਿਣ ਵਾਲਾ ਮਨੀ ਅਤੇ ਜਲੰਧਰ ਦਾ ਰਹਿਣ ਵਾਲਾ ਮੁਕੇਸ਼ ਸ਼ਾਮਲ ਹਨ। ਤਿੰਨੋਂ ਦੋਸਤ ਆਪਣੀ ਕਾਰ ਵਿਚ ਸਵੇਰੇ ਜਲੰਧਰ ਵੱਲ ਨੂੰ ਜਾ ਰਹੇ ਸਨ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਕਾਰ ਤੇਜ਼ ਸਪੀਡ ਵਿਚ ਸੀ ਜੋ ਡਰਾਈਵਰ ਤੋਂ ਕੰਟਰੋਲ ਨਹੀਂ ਕੀਤੀ ਜਾ ਸਕੀ। ਇਸ ਤੋਂ ਬਾਅਦ ਉਹ ਪੁਲ ਉਤੇ ਲੱਗੇ ਖੰਭੇ ਨਾਲ ਟਕਰਾ ਗਈ ਅਤੇ ਪਲਟੀਆਂ ਖਾਣ ਲੱਗੀ। ਪੁਲ ਤੋਂ ਲੰਘ ਰਹੇ ਲੋਕ ਉਥੇ ਇਕੱਠੇ ਹੋ ਗਏ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਤਿੰਨਾਂ ਨੂੰ ਕਾਰ ਵਿਚੋਂ ਬਾਹਰ ਕੱਢਿਆ ਗਿਆ ਅਤੇ ਮੌਕੇ ਉਤੇ ਐਂਬੂਲੈਂਸ ਨੂੰ ਬੁਲਾ ਕੇ ਸਿਵਲ ਹਸਪਤਾਲ ਫਿਲੌਰ ਪਹੁੰਚਦੇ ਕੀਤਾ ਗਿਆ। ਫਿਲੌਰ ਹਸਪਤਾਲ ਵਿੱਚ ਇਲਾਜ ਦੌਰਾਨ ਭਰਤ ਨਾਮ ਦੇ ਨੌਜਵਾਨ ਦੀ ਮੌ-ਤ ਹੋ ਗਈ।
ਕਾਰ ਪਹਿਲਾਂ ਸੀਮਿੰਟ ਦੇ ਬੇਸ ਨਾਲ ਟਕਰਾਈ ਅਤੇ ਫਿਰ ਹਵਾ ਵਿੱਚ ਬੁੜਕੀ
ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਵੀ ਦੱਸਿਆ ਕਿ ਕਾਰ ਤੇਜ਼ ਸਪੀਡ ਵਿੱਚ ਸੀ। ਜੋ ਅੱਜ ਸਵੇਰੇ ਪੁਲ ਉਤੇ ਇਸ਼ਤਿਹਾਰ ਲਗਾਉਣ ਲਈ ਲਗਾਏ ਗਏ ਖੰਭੇ ਦੇ ਸੀਮਿੰਟ ਬੇਸ (ਥੜੇ) ਨਾਲ ਟਕਰਾ ਗਈ, ਇਸ ਤੋਂ ਬਾਅਦ ਇਹ ਹਵਾ ਵਿਚ ਬੁੜਕੀ ਅਤੇ ਇਕ ਖੰਭੇ ਨਾਲ ਟਕਰਾ ਗਈ ਅਤੇ ਫਿਰ ਕਾਰ ਸੜਕ ਉਤੇ ਪਲਟੀਆਂ ਖਾਣ ਲੱਗੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗੰਭੀਰ ਜ਼ਖ਼ਮੀ ਮਨੀ ਅਤੇ ਮੁਕੇਸ਼ ਨੂੰ ਫਿਲੌਰ ਤੋਂ ਜਲੰਧਰ ਦੇ ਜੌਹਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ।