ਪੰਜਾਬ ਵਿਚ ਜਿਲ੍ਹਾ ਸੰਗਰੂਰ ਦੇ ਸੁਨਾਮ ਇਲਾਕੇ ਦੇ ਪਿੰਡ ਛਾਜਲੀ ਵਿੱਚ ਅੱਜ ਪੂਰਾ ਦਿਨ ਸੋਗ ਛਾਇਆ ਰਿਹਾ। ਕਾਰਗਿਲ ਵਿਚ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋਏ ਪਰਮਿੰਦਰ ਸਿੰਘ ਉਮਰ 25 ਸਾਲ ਦੀ ਮ੍ਰਿਤਕ ਦੇਹ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ। ਜਿੱਥੇ ਪੂਰੇ ਪਿੰਡ ਵਲੋਂ ਹੰਝੂ ਭਰੀਆਂ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਕਾਰਗਿਲ ਵਿੱਚ ਟਰੇਨਿੰਗ ਦੌਰਾਨ ਪੱਥਰ ਲੱਗ ਜਾਣ ਕਾਰਨ ਜ਼ਖ਼ਮੀ ਹੋ ਗਿਆ ਸੀ। ਜਿੱਥੇ ਉਸ ਦੀ ਮੌ-ਤ ਹੋ ਗਈ ਸੀ।
ਪਤਨੀ ਨੇ ਕਿਹਾ- ਪਿੱਛੇ ਹੋ ਜਾਓ, ਮੈਨੂੰ ਮੇਰੇ ਪਿਆਰ ਨੂੰ ਮਿਲ ਲੈਣ ਦਿਓ
ਜਦੋਂ ਸ਼ਹੀਦ ਫੌਜੀ ਜਵਾਨ ਦਾ ਮ੍ਰਿਤਕ ਸਰੀਰ ਉਸ ਦੇ ਜੱਦੀ ਪਿੰਡ ਪਹੁੰਚੀ ਤਾਂ ਮਾਂ ਅਤੇ ਉਸ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਰਮਿੰਦਰ ਸਿੰਘ ਦੀ ਪਤਨੀ ਆਪਣੇ ਪਤੀ ਦੀ ਦੇਹ ਛੱਡਣ ਲਈ ਹੀ ਤਿਆਰ ਨਹੀਂ ਸੀ। ਉਹ ਵਾਰ-ਵਾਰ ਕਹਿ ਰਹੀ ਸੀ ਕਿ ਸਾਰੇ ਪਿੱਛੇ ਹੋ ਜਾਓ ਮੈਨੂੰ ਆਪਣੇ ਪਿਆਰ ਨੂੰ ਮਿਲਣ ਦਿਓ। ਪੂਰੇ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਸੀ। ਪਰਮਿੰਦਰ ਸਿੰਘ ਦਾ ਵੀਰਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿੰਡ ਛਾਜਲੀ ਦੀ ਸਰਪੰਚ ਪਰਮਿੰਦਰ ਕੌਰ ਦੇ ਪਤੀ ਸਮਾਜ ਸੇਵੀ ਇੰਦਰਜੀਤ ਸਿੰਘ ਬਾਵਾ ਧਾਲੀਵਾਲ ਨੇ ਦੱਸਿਆ ਕਿ ਪਿੰਡ ਛਾਜਲੀ ਦੀ ਪੱਤੀ ਸਮਰਾਓ ਕੀ ਦਾ ਰਹਿਣ ਵਾਲਾ ਪੁੱਤਰ ਪਰਮਿੰਦਰ ਸਿੰਘ ਉਮਰ 25 ਸਾਲ ਸਿੱਖ ਰੈਜੀਮੈਂਟ 31 ਪੰਜਾਬ ਵਿੱਚ ਤਾਇਨਾਤ ਸੀ।
ਭਰਾ ਵੀ ਫੌਜ ਵਿੱਚ ਹੈ, ਪਿਤਾ ਹੋ ਚੁੱਕੇ ਹਨ ਰਿਟਾਇਰਡ
ਉਨ੍ਹਾਂ ਦੱਸਿਆ ਕਿ ਸ਼ਹੀਦ ਪਰਮਿੰਦਰ ਸਿੰਘ ਦਾ ਦੂਜਾ ਭਰਾ ਗੁਰਪਿੰਦਰ ਸਿੰਘ ਵੀ ਫ਼ੌਜ ਵਿੱਚ ਨੌਕਰੀ ਕਰ ਰਿਹਾ ਹੈ ਅਤੇ ਉਸ ਦੇ ਪਿਤਾ ਗੁਰਜੀਤ ਸਿੰਘ ਫ਼ੌਜ ਵਿੱਚੋਂ ਸੇਵਾਮੁਕਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ 7 ਸਾਲਾਂ ਤੋਂ ਫੌਜ ਵਿੱਚ ਸੇਵਾ ਕਰ ਰਿਹਾ ਸੀ। ਫੌਜੀ ਦੀ ਮੌ-ਤ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।