ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ, ਬਟਾਲਾ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਇੱਕ ਸਰਕਾਰੀ ਸਕੂਲ ਵਿੱਚ 9ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਉਤੇ ਉਸੇ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਫਾਇਰ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ 9ਵੀਂ ਜਮਾਤ ਦੇ ਵਿਦਿਆਰਥੀ ਗੁਰਸੈਨ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਸਕੂਲ ਲੱਗਣ ਦੇ ਸਮੇਂ ਆਪਣੇ ਦੋਸਤਾਂ ਨਾਲ ਸਕੂਲ ਦੇ ਬਾਹਰ ਖੜ੍ਹਾ ਸੀ ਤਾਂ ਉਸ ਦੌਰਾਨ ਉਸ ਦੇ ਹੀ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦਾ ਵਿਦਿਆਰਥੀ ਇੱਕ ਹੋਰ ਅਣਪਛਾਤੇ ਦੋਸਤ ਨਾਲ ਮੋਟਰਸਾਈਕਲ ਉਤੇ ਸਵਾਰ ਸਵਾਰ ਹੋ ਕੇ ਆ ਗਿਆ। ਜਿਵੇਂ ਹੀ ਉਹ ਪਹੁੰਚਿਆ ਉਸ ਨੇ ਉਸ ਨੂੰ ਗਾਲੀਗਲੋਚ ਕਰਨਾ ਸ਼ੁਰੂ ਕਰ ਦਿੱਤਾ।
ਉਸ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਨੌਜਵਾਨ ਨੇ ਆਪਣੇ ਹੱਥ ਵਿਚ ਫੜੇ ਪਿਸ-ਤੌਲ ਨਾਲ ਉਸ ਉਤੇ ਫਾਇਰ ਕਰ ਦਿੱਤਾ। ਪਰ ਉਹ ਪਿੱਛੇ ਹੋ ਗਿਆ ਜਿਸ ਕਾਰਨ ਵਾਲ-ਵਾਲ ਬਚ ਗਿਆ। ਇਸ ਦੌਰਾਨ ਫਾਇਰ ਦਾ ਸਰਲਾ ਉਸ ਦੇ ਨੇੜੇ ਖੜ੍ਹੇ 7ਵੀਂ ਜਮਾਤ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਦੀ ਲੱਤ ਵਿਚ ਲੱਗ ਗਿਆ ਅਤੇ ਦੋਵੇਂ ਦੋਸ਼ੀ ਮੋਟਰਸਾਈਕਲ ਉਤੇ ਫ਼ਰਾਰ ਹੋ ਗਏ।
ਇਸ ਮਾਮਲੇ ਸਬੰਧੀ ਡੀ. ਐਸ. ਪੀ. ਡੇਰਾ ਬਾਬਾ ਨਾਨਕ ਮਨਿੰਦਰਪਾਲ ਸਿੰਘ ਮੌਕੇ ਉਤੇ ਪਹੁੰਚੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਰਕਾਰੀ ਸਕੂਲ ਨੇੜੇ ਇੱਕ ਨੌਜਵਾਨ ਵੱਲੋਂ ਗੋ-ਲੀ ਚਲਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਫੜਨ ਲਈ ਛਾਪੇ-ਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਦੋਵੇਂ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।