ਜ਼ਿਲ੍ਹਾ ਅੰਮ੍ਰਿਤਸਰ (ਪੰਜਾਬ) ਦੇ ਕੋਟਲੀ ਦਸੰਧੀ ਬਲਾਕ ਚੋਗਾਵਾਂ ਦਾ ਰਹਿਣ ਵਾਲਾ ਫੌਜੀ ਜਵਾਨ ਕਰੀਬ 9 ਸਾਲ ਪਹਿਲਾਂ ਦੇਸ਼ ਦੀ ਸੇਵਾ ਕਰਨ ਲਈ ਫੌਜ ਦੀ ਯੂਨਿਟ ਓ. ਐਸ. ਜੀ. ਵਿੱਚ ਭਰਤੀ ਹੋਇਆ ਸੀ। ਸ਼ਮਸ਼ੇਰ ਸਿੰਘ ਦੀ ਬੀਤੇ ਦਿਨ ਡਿਊਟੀ ਦੌਰਾਨ ਦਿੱਲੀ ਦੇ ਇੱਕ ਹਸਪਤਾਲ ਵਿੱਚ ਅਚਾਨਕ ਮੌ-ਤ ਹੋ ਗਈ ਸੀ।
ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਕੋਟਲੀ ਦਸੰਧੀ ਨੇੜੇ ਭਿੰਡੀ ਸੈਦਾਂ ਜ਼ਿਲ੍ਹਾ ਅੰਮ੍ਰਿਤਸਰ ਲਿਆਉਣ ਉਪਰੰਤ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੌਜੀ ਸ਼ਮਸ਼ੇਰ ਸਿੰਘ ਦੇ ਭਰਾ ਨਵਤੇਜ ਸਿੰਘ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਫ਼ੌਜ ਵਿੱਚ ਹੌਲਦਾਰ ਰੈਂਕ ਦੇ ਕਲਰਕ ਵਜੋਂ ਕੰਮ ਕਰਦਾ ਸੀ, ਜਿਸ ਦੀ ਬੀਤੇ ਦਿਨੀਂ ਦਿੱਲੀ ਦੇ ਇੱਕ ਹਸਪਤਾਲ ਵਿੱਚ ਅਚਾਨਕ ਮੌ-ਤ ਹੋ ਗਈ ਸੀ। ਜੋ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਬਹੁਤ ਵੱਡਾ ਸਦਮਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਮਸ਼ੇਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਯਾਦ ਵਿੱਚ ਸਰਕਾਰੀ ਸਕੂਲ ਦਾ ਗੇਟ ਉਸਾਰਿਆ ਜਾਵੇ ਤਾਂ ਜੋ ਉਨ੍ਹਾਂ ਦਾ ਨਾਮ ਅਮਰ ਰਹੇ।
ਇਸ ਮੌਕੇ ਹਲਕਾ ਇੰਚਾਰਜ ਅਤੇ ਪਨਗ੍ਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਨੇ ਇਸ ਦੁਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਿਛਲੇ 9 ਸਾਲ ਤੋਂ ਫੌਜ ਵਿੱਚ ਸੇਵਾ ਨਿਭਾਅ ਰਹੇ ਸ਼ਮਸ਼ੇਰ ਸਿੰਘ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੇਸ਼ ਦੀ ਰੱਖਿਆ ਲਈ ਸ਼ਮਸ਼ੇਰ ਸਿੰਘ ਨੇ 9 ਸਾਲ ਤੱਕ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸ਼ਮਸ਼ੇਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਅਤੇ ਸ਼ਹੀਦ ਫੌਜੀਆਂ ਨੂੰ ਦਿੱਤੇ ਸਾਰੇ ਸਨਮਾਨਾਂ ਲਈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣਗੇ।
ਪਰ ਇਸ ਸਮੇਂ ਮੁੱਖ ਮੰਤਰੀ ਪੰਜਾਬ ਵਿੱਚ ਨਾ ਹੋਣ ਕਾਰਨ ਉਨ੍ਹਾਂ ਦੇ ਓ. ਐਸ. ਡੀ. ਨਾਲ ਗੱਲ ਕੀਤੀ ਹੈ। ਇਸ ਮੌਕੇ ਡਿਊਟੀ ਮੈਜਿਸਟਰੇਟ ਨੈਬ ਤਹਿਸੀਲਦਾਰ ਜਸਵਿੰਦਰ ਸਿੰਘ, ਐਸ. ਐਚ. ਓ. ਬਲਦੇਵ ਸਿੰਘ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ, ਪ੍ਰਗਟ ਸਿੰਘ, ਲੱਖਾ ਸਿੰਘ, ਬਿੱਲਾ ਸਿੰਘ, ਮਲਕੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਲਵਾਈ।