ਹਰਿਆਣਾ ਦੇ ਫਤਿਹਾਬਾਦ ਵਿਚ ਇਕ ਘਰ ਦੇ ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਆਪਣੀਆਂ ਭਤੀਜੀਆਂ ਦੇ ਵਿਆਹ ਦੇ ਕਾਰਡ ਵੰਡ ਕੇ ਵਾਪਸ ਆ ਰਹੇ ਭਾਰਤੀ ਫੌਜ ਦੇ ਜਵਾਨ ਦੀ ਟਾਟਾ 407 ਨਾਲ ਟੱ-ਕ-ਰ ਹੋ ਜਾਣ ਕਾਰਨ ਮੌ-ਤ ਹੋ ਗਈ। ਉਹ ਅੰਮ੍ਰਿਤਸਰ ਵਿੱਚ ਫੌਜ ਵਿੱਚ ਕਲਰਕ ਦੀ ਪੋਸਟ ਉਤੇ ਤਾਇਨਾਤ ਸੀ। ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਦੇ ਨਾਲ ਹੀ ਥਾਣਾ ਸਦਰ ਟੋਹਾਣਾ ਪੁਲਿਸ ਨੇ ਦੋਸ਼ੀ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਢਾਣੀ ਈਸ਼ਰ ਦੇ ਰਹਿਣ ਵਾਲੇ ਰਿਸਾਲ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਸੰਦੀਪ ਕੁਮਾਰ ਭਾਰਤੀ ਫੌਜ ਵਿਚ ਨੌਕਰੀ ਕਰਦਾ ਸੀ। ਉਹ ਅਤੇ ਸੰਦੀਪ ਦੋਵੇਂ ਆਪਣੀਆਂ ਭਤੀਜੀਆਂ ਮੰਜੂ ਅਤੇ ਅੰਜੂ ਦੇ ਵਿਆਹ ਦੇ ਕਾਰਡ ਰਿਸ਼ਤੇਦਾਰਾਂ ਵਿੱਚ ਵੰਡਣ ਲਈ ਆਪੋ-ਆਪਣੇ ਮੋਟਰਸਾਈਕਲਾਂ ਉਤੇ ਪਿੰਡ ਪਾਰਤਾ ਆਏ ਸਨ। ਵਿਆਹ ਦੇ ਕਾਰਡ ਦੇਣ ਤੋਂ ਬਾਅਦ ਦੋਵੇਂ ਪਿੰਡ ਢਾਣੀ ਈਸ਼ਰ ਵੱਲ ਨੂੰ ਜਾ ਰਹੇ ਸਨ।
ਦੋਸ਼ੀ ਡਰਾਈਵਰ ਟੱਕਰ ਮਾ-ਰ ਕੇ ਹੋਇਆ ਫਰਾਰ
ਉਸ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਪਿੰਡ ਬੋਸਤੀ ਤੋਂ ਭੱਟੂ ਰੋਡ ਉਤੇ ਪਹੁੰਚੇ ਤਾਂ ਭੱਟੂ ਸਾਈਡ ਤੋਂ ਇੱਕ ਬੈਲ ਗੱਡੀ ਆ ਰਹੀ ਸੀ। ਬੈਲ ਗੱਡੀ ਦੇ ਪਿੱਛੇ ਤੋਂ ਆਏ ਟਾਟਾ 407 ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਸੰਦੀਪ ਦੇ ਮੋਟਰਸਾਈਕਲ ਨੂੰ ਟੱਕਰ ਮਾ-ਰ ਦਿੱਤੀ। ਇਸ ਹਾਦਸੇ ਤੋਂ ਬਾਅਦ ਵਾਹਨ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਵਿਚ ਸੰਦੀਪ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਜਖਮੀਂ ਸੰਦੀਪ ਨੂੰ ਟੋਹਾਣਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
3 ਜੁਆਕਾਂ ਦਾ ਪਿਤਾ ਸੀ ਸੰਦੀਪ
ਸੰਦੀਪ ਕੁਮਾਰ ਦਾ ਇੱਕ ਭਰਾ ਵਰਿੰਦਰ ਅਤੇ ਦੋ ਭੈਣਾਂ ਹਨ। ਸਾਰੇ ਭੈਣ-ਭਰਾ ਵਿਆਹੇ ਹੋਏ ਹਨ। ਸੰਦੀਪ ਕੁਮਾਰ ਦਾ ਭਰਾ ਵਰਿੰਦਰ ਕੁਮਾਰ ਵੀ ਭਾਰਤੀ ਫੌਜ ਵਿੱਚ ਸੇਵਾ ਨਿਭਾਅ ਰਿਹਾ ਹੈ। ਸੰਦੀਪ ਇੱਕ ਲੜਕੇ ਅਤੇ 2 ਲੜਕੀਆਂ ਦਾ ਪਿਤਾ ਸੀ।