ਕਰਨਾਲ (ਹਰਿਆਣਾ) ਦੇ ਪਿੰਡ ਕੋਹਾੜ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਮੌ-ਤ ਹੋ ਗਈ। 23 ਦਸੰਬਰ ਨੂੰ ਟੈਕਸਾਸ ਸ਼ਹਿਰ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ ਨਿਤਿਨ ਮਿੱਤਲ ਦੀ ਮੌ-ਤ ਹੋ ਗਈ। ਡੇਢ ਸਾਲ ਪਹਿਲਾਂ ਹੀ ਨਿਤਿਨ ਵਰਕ ਪਰਮਿਟ ਉਤੇ ਅਮਰੀਕਾ ਗਿਆ ਸੀ ਅਤੇ ਹੁਣ ਨਵੇਂ ਸਾਲ ਉਤੇ ਕੰਪਨੀ ਦਾ ਡਾਇਰੈਕਟਰ ਬਣਨ ਜਾ ਰਿਹਾ ਸੀ। ਇਸ ਸਮੇਂ ਉਹ ਕੰਪਨੀ ਵਿੱਚ ਬਤੌਰ ਮੈਨੇਜਰ ਤਾਇਨਾਤ ਸੀ। ਪੁੱਤਰ ਦੀ ਮੌ-ਤ ਦਾ ਸੁਨੇਹਾ ਘਰ ਆਉਣ ਤੋਂ ਬਾਅਦ ਮਾਪਿਆਂ ਸਮੇਤ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਅਸ਼ੋਕ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਨਿਤਿਨ ਡੇਢ ਸਾਲ ਪਹਿਲਾਂ ਹੀ ਵਰਕ ਪਰਮਿਟ ਉਤੇ ਅਮਰੀਕਾ ਗਿਆ ਸੀ। ਅੱਜ ਸਵੇਰੇ ਕਰੀਬ 6 ਵਜੇ ਅਮਰੀਕਾ ਤੋਂ ਫੋਨ ਆਇਆ ਕਿ ਨਿਤਿਨ ਦੀ ਕਾਰ ਟੈਕਸਾਸ ਸ਼ਹਿਰ ਵਿਚ ਇਕ ਦਰੱਖਤ ਨਾਲ ਟਕਰਾ ਗਈ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਵਾਕੋ ਫੂਡ ਮਾਰਟ ਕੰਪਨੀ ਵਿਚ ਸੀ ਮੈਨੇਜਰ
ਮ੍ਰਿਤਕ ਨਿਤਿਨ ਉਮਰ 30 ਸਾਲ ਦੇ ਪਿਤਾ ਵਿਜੇ ਨੇ ਦੱਸਿਆ ਕਿ ਨਿਤਿਨ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਇੱਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਇੱਕ ਕੰਪਨੀ ਵਿੱਚ ਨੌਕਰੀ ਕੀਤੀ, ਜਿਸ ਤੋਂ ਬਾਅਦ ਉਹ ਵਰਕ ਪਰਮਿਟ ਉਤੇ ਅਮਰੀਕਾ ਚਲਿਆ ਗਿਆ ਅਤੇ ਉਥੇ ਵਾਕੋ ਫੁੱਟ ਮਾਰਟ ਕੰਪਨੀ ਵਿੱਚ ਬਤੌਰ ਮੈਨੇਜਰ ਕੰਮ ਕਰ ਰਿਹਾ ਸੀ। ਵਿਜੇ ਨੇ ਦੱਸਿਆ ਕਿ ਕੱਲ੍ਹ ਹੀ ਉਸ ਦੀ ਆਪਣੇ ਬੇਟੇ ਨਾਲ ਗੱਲ ਹੋਈ ਸੀ ਅਤੇ ਉਹ ਕਹਿ ਰਿਹਾ ਸੀ ਕਿ ਕੰਪਨੀ ਉਸ ਨੂੰ ਪ੍ਰਮੋਟ ਕਰਕੇ ਨਵੇਂ ਸਾਲ ਉਤੇ ਡਾਇਰੈਕਟਰ ਬਣਾਉਣ ਜਾ ਰਹੀ ਹੈ। ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ।
ਘਰ ਤੋਂ ਜਾ ਰਿਹਾ ਸੀ ਕੰਪਨੀ
ਨਿਤਿਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ ਇਹ ਜਾਣਕਾਰੀ ਮਿਲੀ ਕਿ ਨਿਤਿਨ ਅਮਰੀਕਾ ਵਿਚ ਸਵੇਰੇ 11 ਵਜੇ ਘਰ ਤੋਂ ਕੰਪਨੀ ਜਾਣ ਲਈ ਆਪਣੀ ਕਾਰ ਵਿੱਚ ਨਿਕਲਿਆ ਸੀ। ਜਿਸ ਤੋਂ ਬਾਅਦ ਉਸ ਨੇ ਰਸਤੇ ਵਿਚ ਆਪਣੇ ਦੋਸਤ ਨੂੰ ਲਿਆ ਅਤੇ ਉਸ ਨੂੰ ਰਸਤੇ ਵਿਚ ਛੱਡਣ ਤੋਂ ਬਾਅਦ ਜਦੋਂ ਉਹ ਕੰਪਨੀ ਵੱਲ ਜਾ ਰਿਹਾ ਸੀ ਤਾਂ ਦੁਪਹਿਰ 2 ਵਜੇ ਉਸ ਦੀ ਕਾਰ ਇਕ ਦਰੱਖਤ ਨਾਲ ਟਕਰਾ ਗਈ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਤਿੰਨ ਭਾਈ ਭੈਣਾਂ ਵਿਚੋਂ ਸਭ ਤੋਂ ਵੱਡਾ ਸੀ ਨਿਤਿਨ
ਅਸ਼ੋਕ ਮਿੱਤਲ ਨੇ ਦੱਸਿਆ ਕਿ ਉਸ ਦੇ ਭਰਾ ਵਿਜੇ ਮਿੱਤਲ ਦੇ ਤਿੰਨ ਜੁਆਕ ਹਨ। ਸਭ ਤੋਂ ਵੱਡਾ ਪੁੱਤਰ ਨਿਤਿਨ ਅਮਰੀਕਾ ਗਿਆ ਹੋਇਆ ਸੀ। ਉਸ ਤੋਂ ਬਾਅਦ ਉਸ ਦੀ ਇੱਕ ਧੀ ਹੈ ਜੋ ਵਿਆਹੀ ਹੋਈ ਹੈ। ਸਭ ਤੋਂ ਛੋਟਾ ਪੁੱਤਰ ਦੀਪਕ ਹੈ ਜੋ ਇਸ ਸਮੇਂ ਪੜ੍ਹ ਰਿਹਾ ਹੈ। ਨਿਤਿਨ ਦੇ ਵਿਆਹ ਲਈ ਕੁੜੀ ਲੱਭ ਰਹੇ ਸਨ। ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਘਰ ਦਾ ਚਿਰਾਗ ਬੁਝ ਗਿਆ।
ਸਰਕਾਰ ਨੂੰ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ
ਨਿਤੀਨ ਦੀ ਮੌ-ਤ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਨਾਲ ਅਫਸੋਸ ਕਰਨ ਲਈ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਭੀੜ ਲੱਗੀ ਹੋਈ ਹੈ। ਸਾਰਿਆਂ ਵਲੋਂ ਸਰਕਾਰ ਨੂੰ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਉਹ ਇੱਥੇ ਆਪਣੇ ਰੀਤੀ-ਰਿਵਾਜਾਂ ਅਨੁਸਾਰ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਕਰ ਸਕਣ।