ਫਗਵਾੜਾ (ਪੰਜਾਬ) ਦੇ ਪਿੰਡ ਬੋਹਾਨੀ ਵਿਚ ਕੁਝ ਸਮਾਂ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਦੋ ਧਿ-ਰਾਂ ਵਿਚਾਲੇ ਹੋਏ ਝ-ਗ-ੜੇ ਵਿਚ ਗੰਭੀਰ ਜ਼ਖਮੀ ਹੋਏ ਨੌਜਵਾਨ ਦੀ ਅੱਜ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰੁਪਨਜੋਤ ਸਿੰਘ ਵਾਸੀ ਪਿੰਡ ਬੋਹਾਨੀ ਦੇ ਰੂਪ ਵਜੋਂ ਹੋਈ ਹੈ। ਇਸ ਤੋਂ ਬਾਅਦ ਮ੍ਰਿਤਕ ਰੁਪਨਜੋਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਦੇਹ ਥਾਣਾ ਰਾਵਲਪਿੰਡੀ ਦੇ ਸਾਹਮਣੇ ਰੱਖ ਕੇ ਧਰਨਾ ਦਿੱਤਾ ਅਤੇ ਫਗਵਾੜਾ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ, ਭਰਾ ਅਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਪੁਲਿਸ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕਰਕੇ, ਇਨਸਾਫ਼ ਦੀ ਮੰਗ ਕਰ ਰਹੇ ਹਨ ਪਰ ਨਤੀਜਾ ਜ਼ੀਰੋ ਰਿਹਾ ਹੈ। ਅੱਜ ਰੁਪਨਜੋਤ ਸਿੰਘ ਦੀ ਮੌ-ਤ ਹੋ ਗਈ ਹੈ ਅਤੇ ਉਹ ਉਸ ਦੀ ਦੇਹ ਥਾਣਾ ਰਾਵਲਪਿੰਡੀ ਦੇ ਬਾਹਰ ਰੱਖ ਕੇ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਜਾਣਦੇ ਹਨ ਕਿ ਇਹ ਸਾਰਾ ਮਾਮਲਾ ਕੀ ਹੈ ਅਤੇ ਦੋਸ਼ੀ ਕੌਣ ਹੈ। ਪਰ ਪੁਲਿਸ ਦੀ ਕਾਰਵਾਈ ਜ਼ੀਰੋ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਉਦੋਂ ਤੱਕ ਮ੍ਰਿਤਕ ਰੂਪਨਜੋਤ ਸਿੰਘ ਦੀ ਦੇਹ ਦਾ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਪੁਲਿਸ ਵਲੋਂ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ।
ਇਸੇ ਦੌਰਾਨ ਰਾਵਲਪਿੰਡੀ ਥਾਣੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋਸ਼ੀ ਸੁਖਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਹੋਰ ਦੋਸ਼ੀਆਂ ਦੀ ਭਾਲ ਵਿੱਚ ਛਾਪੇ ਮਾਰੀ ਕਰ ਰਹੀ ਹੈ। ਪੁਲਿਸ ਕੇਸ ਵਿੱਚ ਜੋ ਪਹਿਲਾਂ ਧਾਰਾ 307 ਅਧੀਨ ਸੀ, ਪੁਲਿਸ ਨੇ ਹੁਣ ਇਸ ਨੂੰ ਵਧਾ ਕੇ 302 ਕਰ ਦਿੱਤਾ ਹੈ ਅਤੇ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ।
ਪਰ ਪੁਲਿਸ ਦੀ ਇਸ ਦਲੀਲ ਦੇ ਉਲਟ ਪੀੜਤ ਧਿਰ ਦੇ ਲੋਕਾਂ ਨੇ ਕਿਹਾ ਕਿ ਪੁਲਿਸ ਨੇ ਜਾਣਬੁੱਝ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਮਾਮਲੇ ਸਬੰਧੀ ਕੋਈ ਠੋਸ ਪੁਲਿਸ ਕਾਰਵਾਈ ਨਹੀਂ ਕੀਤੀ। ਇਸ ਖ਼ਬਰ ਦੇ ਲਿਖੇ ਜਾਣ ਤੱਕ ਪੁਲਿਸ ਨੇ ਮ੍ਰਿਤਕ ਰੁਪਨਜੋਤ ਸਿੰਘ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਹੈ। ਪੁਲਿਸ ਵਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।