ਜਿਲ੍ਹਾ ਕਪੂਰਥਲਾ (ਪੰਜਾਬ) ਦੇ ਸੁਲਤਾਨਪੁਰ ਲੋਧੀ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਇੱਕ ਕਰਮਚਾਰੀ ਦੀ ਮੌ-ਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਜਸਪਿੰਦਰ ਸਿੰਘ ਉਮਰ 21 ਸਾਲ ਵਾਸੀ ਪਿੰਡ ਆਹਲੀ ਕਲਾਂ ਦੇ ਰੂਪ ਵਜੋਂ ਹੋਈ ਹੈ। ਜਸਪਿੰਦਰ ਸਿੰਘ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸੇਵਾਦਾਰ ਸੀ ਅਤੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦਾ ਸੀ।
ਇਸ ਮਾਮਲੇ ਬਾਰੇ ਸ੍ਰੀ ਬੇਰ ਸਾਹਿਬ ਦੇ ਹੋਰ ਕਰਮਚਾਰੀਆਂ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਸਵੇਰੇ ਜਸਪਿੰਦਰ ਸਿੰਘ ਦੇ ਕਮਰੇ ਦਾ ਦਰਵਾਜ਼ਾ ਬਾਹਰ ਤੋਂ ਬੰਦ ਸੀ ਅਤੇ ਉਹ ਸਵੇਰ ਤੋਂ ਕਿਤੇ ਵੀ ਦਿਖਾਈ ਨਹੀਂ ਦਿੱਤਾ। ਨਾ ਹੀ ਉਹ ਆਪਣੇ ਕਮਰੇ ਵਿਚੋਂ ਬਾਹਰ ਆਇਆ।
ਦਰਵਾਜ਼ਾ ਤੋੜ ਕੇ ਕੱਢਿਆ ਬਾਹਰ
ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਪੁਲਿਸ ਟੀਮ ਨੇ ਮੌਕੇ ਉਤੇ ਪਹੁੰਚ ਕੇ ਉਸ ਦੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਜਸਪਿੰਦਰ ਸਿੰਘ ਬੇਹੋਸ਼ ਹਾਲ ਵਿਚ ਮਿਲਿਆ। ਜਦੋਂ ਉਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਜਾਇਆ ਗਿਆ ਤਾਂ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਉਸ ਦੀ ਮੌ-ਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜਸਪਿੰਦਰ ਸਿੰਘ ਦੀ ਮੌ-ਤ ਕਾਰਨ ਉਨ੍ਹਾਂ ਦੇ ਪਿੰਡ ਆਹਲੀ ਕਲਾਂ ਵਿਚ ਗਹਿਰੇ ਸੋਗ ਦਾ ਮਾਹੌਲ ਹੈ।
ਇਕ ਵਿਅਕਤੀ ਨੂੰ ਰਾਊਂਡ-ਅੱਪ ਉਤੇ ਲਿਆ ਗਿਆ
ਜਦੋਂ ਕਿ ਦੂਜੇ ਪਾਸੇ ਐੱਸ. ਐੱਚ. ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਉਤੇ ਮੌਕੇ ਉਤੇ ਪਹੁੰਚੀ ਪੁਲਿਸ ਟੀਮ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਇਕ ਵਿਅਕਤੀ ਨੂੰ ਸ਼ੱ-ਕ ਦੇ ਆਧਾਰ ਉਤੇ ਪੁੱਛ ਗਿੱਛ ਲਈ ਰਾਊਂਡ-ਅਪ ਕੀਤਾ ਗਿਆ ਹੈ।
ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬੱਬਨ ਦੀਪ ਸਿੰਘ ਨੇ ਦੱਸਿਆ ਕਿ ਪੁੱਛ ਗਿੱਛ ਦੌਰਾਨ ਰਾਊਂਡਅਪ ਕੀਤੇ ਗਏ ਵਿਅਕਤੀ ਕੋਲੋਂ ਕੁਝ ਵੀ ਨਹੀਂ ਮਿਲਿਆ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।