ਫਤਿਹਗੜ੍ਹ ਸਾਹਿਬ (ਪੰਜਾਬ) ਵਿਚ ਨੈਸ਼ਨਲ ਹਾਈਵੇ ਉਤੇ ਸ਼ਨਿਵਾਰ ਨੂੰ ਹੋਏ ਸੜਕ ਹਾਦਸੇ ਵਿਚ ਜ਼ਿੰਬਾਬਵੇ ਦੇ ਇਕ ਵਿਦਿਆਰਥੀ ਦੀ ਮੌ-ਤ ਹੋ ਗਈ। ਜਦੋਂ ਕਿ ਤਿੰਨ ਹੋਰ ਵਿਦੇਸ਼ੀ ਵਿਦਿਆਰਥੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਦਾ ਕਾਰਨ ਟੈਕਸੀ ਡਰਾਈਵਰ ਦੀ ਲਾਪ੍ਰਵਾਹੀ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਪੁਲਿਸ ਨੇ ਟੈਕਸੀ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਦੋਸਤਾਂ ਨੂੰ ਲੈਕੇ ਆ ਰਹੇ ਸਨ ਲੁਧਿਆਣਾ
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਗੁਲਜ਼ਾਰ ਕਾਲਜ ਖੰਨਾ ਦੇ ਦੋ ਵਿਦਿਆਰਥੀ ਆਪਣੇ ਦੋਸਤਾਂ ਨੂੰ ਲੈਣ ਲਈ ਦਿੱਲੀ ਏਅਰਪੋਰਟ ਉਤੇ ਗਏ ਸਨ। ਉਨ੍ਹਾਂ ਨੇ ਕਰਮਜੀਤ ਸਿੰਘ ਨਾਮ ਦੇ ਵਿਅਕਤੀ ਦੀ ਟੈਕਸੀ ਬੁੱਕ ਕਰਵਾਈ ਸੀ। 4 ਦੋਸਤ ਅਰਟਿਗਾ ਕਾਰ ਵਿੱਚ ਵਾਪਸ ਆ ਰਹੇ ਸਨ। ਇਨ੍ਹਾਂ ਵਿੱਚੋਂ 2 ਗੁਲਜ਼ਾਰ ਕਾਲਜ ਦੇ ਵਿਦਿਆਰਥੀ ਸਨ ਅਤੇ 2 ਲੁਧਿਆਣਾ ਦੇ ਇੱਕ ਕਾਲਜ ਦੇ ਵਿਦਿਆਰਥੀ ਸਨ। ਜਦੋਂ ਉਨ੍ਹਾਂ ਦੀ ਕਾਰ ਨਬੀਪੁਰ ਨੇੜੇ ਪਹੁੰਚੀ ਤਾਂ ਸੜਕ ਕਿਨਾਰੇ ਖੜ੍ਹੇ ਟਰੱਕ ਦੇ ਪਿੱਛੇ ਜਾ ਕੇ ਟਕਰਾ ਗਈ।
ਇਸ ਦੌਰਾਨ ਡਰਾਈਵਰ ਦੇ ਨਾਲ ਬੈਠੇ ਵਿਦਿਆਰਥੀ ਕੈਲਟਨ ਟਿਨੋਟੋਡਾ ਦੀ ਮੌ-ਤ ਹੋ ਗਈ। ਕੈਲਟਨ ਟਿਨੋਟੋਡਾ ਬੀ-ਕਾਮ ਫਾਈਨਲ ਦਾ ਵਿਦਿਆਰਥੀ ਸੀ। ਉਹ ਪੜ੍ਹਨ ਲਈ ਜ਼ਿੰਬਾਬਵੇ ਤੋਂ ਭਾਰਤ ਆਇਆ ਅਤੇ ਗੁਲਜ਼ਾਰ ਕਾਲਜ ਵਿੱਚ ਪੜ੍ਹ ਰਿਹਾ ਸੀ। ਉਸ ਦੇ ਇੱਕ ਰਿਸ਼ਤੇਦਾਰ ਹੈਨਰੀ ਟਿਨੋਟੋਡਾ ਨੇ ਦੱਸਿਆ ਕਿ ਉਹ ਵੀ ਗੁਲਜ਼ਾਰ ਕਾਲਜ ਵਿੱਚ ਬੀ. ਐਸ. ਸੀ. ਦਾ ਫਾਈਨਲ ਕਰ ਰਿਹਾ ਹੈ।
ਉਸ ਨੇ ਦੱਸਿਆ ਕਿ ਉਹ ਦੋਵੇਂ ਆਪਣੇ ਦੋਸਤਾਂ ਨੂੰ ਲੈਣ ਦਿੱਲੀ ਗਏ ਸਨ। ਟੈਕਸੀ ਡਰਾਈਵਰ ਗੱਡੀ ਨੂੰ ਤੇਜ਼ ਸਪੀਡ ਨਾਲ ਚਲਾ ਰਿਹਾ ਸੀ। ਉਸ ਨੂੰ ਰੋਕਿਆ ਵੀ ਗਿਆ, ਪਰ ਉਹ ਨਹੀਂ ਮੰਨਿਆ। ਜ਼ਖਮੀ ਵਿਦਿਆਰਥੀ ਹੈਨਰੀ ਨੇ ਦੱਸਿਆ ਕਿ ਇਹ ਹਾਦਸਾ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹੈ। ਇਸ ਹਾਦਸੇ ਤੋਂ ਬਾਅਦ ਉਹ ਜ਼ਖਮੀਆਂ ਦੀ ਮਦਦ ਕਰਨ ਦੀ ਬਜਾਏ ਟੈਕਸੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਟੈਕਸੀ ਡਰਾਈਵਰ ਖਿਲਾਫ ਮਾਮਲਾ ਹੋਇਆ ਦਰਜ
ਜਾਣਕਾਰੀ ਦਿੰਦਿਆਂ ਨਬੀਪੁਰ ਚੌਕੀ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਜ਼ਖਮੀ ਹੈਨਰੀ ਦੀ ਸ਼ਿਕਾਇਤ ਉਤੇ ਟੈਕਸੀ ਡਰਾਈਵਰ ਕਰਮਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਸ ਨੇ ਦੱਸਿਆ ਕਿ ਟਰੱਕ ਸੜਕ ਦੇ ਬਿਲਕੁਲ ਹੇਠਾਂ ਖੜ੍ਹਾ ਸੀ। ਟੈਕਸੀ ਦੀ ਸਪੀਡ ਤੇਜ਼ ਸੀ। ਡਰਾਈਵਰ ਤੋਂ ਕੰਟਰੋਲ ਨਹੀਂ ਹੋਈ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਜ਼ਖਮੀ ਵਿਦਿਆਰਥੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।