ਫਗਵਾੜਾ (ਪੰਜਾਬ) ਦੇ ਸਮਾਜ ਸੇਵਾ ਕਰਨ ਵਾਲੇ ਸੋਂਧੀ ਪਰਿਵਾਰ ਉਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਆਸਟ੍ਰੇਲੀਆ ਘੁੰਮਣ ਗਈ ਉਨ੍ਹਾਂ ਦੀ ਨੂੰਹ ਦੀ ਉਥੇ ਫਿਲਿਪ ਆਈਲੈਂਡ ਦੀ ਬੀਚ ਉਤੇ ਡੁੱ-ਬ-ਣ ਨਾਲ ਮੌ-ਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਰੀਮਾ ਸੋਂਧੀ ਵਾਸੀ ਫਗਵਾੜਾ ਦੇ ਰੂਪ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਦੀਪਕ ਸੋਂਧੀ ਨੇ ਦੱਸਿਆ ਕਿ ਉਸ ਦੀ ਭਰਜਾਈ ਰੀਮਾ ਸੋਂਧੀ ਉਸ ਦੇ ਭਰਾ ਸੰਜੀਵ ਸੋਂਧੀ ਨਾਲ ਕੁਝ ਦਿਨ ਪਹਿਲਾਂ ਆਪਣੇ ਪਰਿਵਾਰ ਨੂੰ ਮਿਲਣ ਲਈ ਫਗਵਾੜਾ ਤੋਂ ਆਸਟ੍ਰੇਲੀਆ ਗਈ ਸੀ। ਇਸੇ ਦੌਰਾਨ ਅੱਜ ਉਥੋਂ ਉਨ੍ਹਾਂ ਨੂੰ ਦੁਖਦ ਸਮਾਚਾਰ ਮਿਲਿਆ ਕਿ ਰੀਮਾ ਸੋਂਧੀ ਦੀ ਪਾਣੀ ਵਿੱਚ ਡੁੱ-ਬ-ਣ ਨਾਲ ਮੌ-ਤ ਹੋ ਗਈ ਹੈ। ਫਿਲਿਪ ਆਈਲੈਂਡ ਵਿਚ ਜਿੱਥੇ ਇਹ ਹਾਦਸਾ ਵਾਪਰਿਆ ਹੈ, ਉੱਥੇ ਰੀਮਾ ਸੋਂਧੀ ਦੇ ਪੇਕੇ ਪਰਿਵਾਰ ਦੇ ਦੋ ਰਿਸ਼ਤੇਦਾਰਾਂ ਦੀ ਵੀ ਮੌ-ਤ ਹੋ ਗਈ ਹੈ, ਜਦੋਂ ਕਿ ਇਕ ਹੋਰ ਨੂੰ ਗੰਭੀਰ ਹਾਲ ਵਿਚ ਹਸਪਤਾਲ ਲਿਜਾਇਆ ਗਿਆ ਹੈ। ਆਸਟ੍ਰੇਲੀਆ ਵਿਚ ਵਾਪਰੇ ਇਸ ਦੁਖਾਂਤ ਤੋਂ ਬਾਅਦ ਫਗਵਾੜਾ ਦਾ ਸੋਂਧੀ ਪਰਿਵਾਰ ਡੂੰਘੇ ਸਦਮੇ ਵਿਚ ਹੈ।
ਅੱਗੇ ਦੀਪਕ ਸੋਂਧੀ ਨੇ ਦੱਸਿਆ ਕਿ ਜਦੋਂ ਫਿਲਿਪ ਆਈਲੈਂਡ ਉਤੇ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਉਸ ਦੀ ਭਰਜਾਈ ਮ੍ਰਿਤਕ ਰੀਮਾ ਸੋਂਧੀ ਦੇ ਪੇਕਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਉਸ ਦਾ ਭਰਾ ਸੰਜੀਵ ਸੋਂਧੀ ਵੀ ਮੌਜੂਦ ਸੀ। ਸੰਜੀਵ ਸੋਂਧੀ ਪਾਣੀ ਵਿੱਚ ਡੁੱਬਣ ਤੋਂ ਵਾਲ-ਵਾਲ ਬਚ ਗਿਆ। ਦੀਪਕ ਸੋਂਧੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੁਪਨੇ ਵਿਚ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਉਤੇ ਅਜਿਹਾ ਦੁਖਾਂਤ ਵਾਪਰੇਗਾ ਅਤੇ ਉਹ ਵੀ ਫਗਵਾੜਾ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਵਿਦੇਸ਼ ਵਿਚ ਆਸਟ੍ਰੇਲੀਆ ਵਿਚ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਰੀਮਾ ਸੋਂਧੀ ਦੀ ਦੇਹ ਨੂੰ ਆਸਟ੍ਰੇਲੀਆ ਤੋਂ ਵਾਪਸ ਫਗਵਾੜਾ ਲਿਆ ਕੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਵਿਕਟੋਰੀਆ ਪੁਲਿਸ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਟਾਪੂ ਦੇ ਦੱਖਣ-ਪੂਰਬੀ ਤੱਟ ਉਤੇ ਸਥਿਤ ਫੋਰਸਟ ਕੇਵਸ ਵਿਚ ਤਿੰਨ ਔਰਤਾਂ ਅਤੇ ਇੱਕ ਪੁਰਸ਼ ਸਮੇਤ ਚਾਰ ਲੋਕਾਂ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਸੀ. ਪੀ. ਆਰ. ਦਿੱਤਾ ਗਿਆ। ਬਾਅਦ ਵਿਚ ਤਿੰਨ ਲੋਕਾਂ ਨੂੰ ਮੌਕੇ ਉਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਇੱਕ ਦੀ ਪਹਿਚਾਣ ਫਗਵਾੜਾ ਦੀ ਰਹਿਣ ਵਾਲੀ ਰੀਮਾ ਸੋਂਧੀ ਦੇ ਰੂਪ ਵਜੋਂ ਹੋਈ ਹੈ। ਪਰਿਵਾਰ ਦੇ ਇਕ ਹੋਰ ਮੈਂਬਰ, ਜਿਸ ਦਾ ਹਾਲ ਗੰਭੀਰ ਬਣਿਆ ਹੋਇਆ ਹੈ, ਨੂੰ ਜਹਾਜ ਰਾਹੀਂ ਐਲਫ੍ਰੇਡ ਹਸਪਤਾਲ ਲਿਜਾਇਆ ਗਿਆ ਹੈ।