ਝੱਜਰ (ਹਰਿਆਣਾ) ਦੇ ਪਿੰਡ ਚਮਨਪੁਰਾ ਨੇੜੇ ਸੜਕ ਪਾਰ ਕਰਨ ਲਈ ਖੜ੍ਹੀਆਂ ਤਿੰਨ ਔਰਤਾਂ ਨੂੰ ਇੱਕ ਤੇਜ਼ ਸਪੀਡ ਟ੍ਰੈਕਟਰ ਨੇ ਟੱਕਰ ਮਾਰ ਦਿੱਤੀ। ਜਿਸ ਵਿਚ ਇਕ ਔਰਤ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਦੋ ਹੋਰ ਔਰਤਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਝੱਜਰ ਤੋਂ ਰੋਹਤਕ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ।
ਇਸ ਸੜਕ ਹਾਦਸੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਵੀ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਵੀ ਮੌਕੇ ਉਤੇ ਪਹੁੰਚ ਗਈ ਅਤੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਝੱਜਰ ਦੇ ਸਿਵਲ ਹਸਪਤਾਲ ਭੇਜਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਕਮਲੇਸ਼ ਉਮਰ 38 ਸਾਲ ਪਤਨੀ ਮਹਾਵੀਰ ਵਾਸੀ ਪਿੰਡ ਦੁਜਾਨਾ ਜੋ ਪਿੰਡ ਚਮਨਪੁਰਾ ਵਿਚ ਸਥਿਤ ਮਿੱਟੀ ਦੇ ਭਾਂਡਿਆਂ ਦੀ ਫੈਕਟਰੀ ਵਿਚ ਕੰਮ ਕਰਦੀ ਸੀ। ਮ੍ਰਿਤਕਾ ਤਿੰਨ ਧੀਆਂ ਅਤੇ ਇੱਕ ਪੁੱਤਰ ਦੀ ਮਾਂ ਸੀ। ਮ੍ਰਿਤਕਾ ਦਾ ਪਤੀ ਮਹਾਵੀਰ ਵੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ।
ਜਾਣਕਾਰੀ ਦਿੰਦੇ ਹੋਏ ਡੀਘਲ ਚੌਕੀ ਤੋਂ ਪਹੁੰਚੇ ਤਫਤੀਸ਼ੀ ਅਫਸਰ ਏ. ਐਸ. ਆਈ. ਓਮਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚਮਨਪੁਰਾ ਦੇ ਕੋਲ ਸਥਿਤ ਬਰਤਨ ਫੈਕਟਰੀ ਦੇ ਕੋਲ ਸੜਕ ਹਾਦਸੇ ਵਿੱਚ ਇੱਕ ਔਰਤ ਦੀ ਮੌ-ਤ ਹੋ ਗਈ ਹੈ ਅਤੇ ਦੋ ਹੋਰ ਔਰਤਾਂ ਜ਼ਖਮੀ ਹੋ ਗਈਆਂ ਹਨ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਪੁਲਿਸ ਟੀਮ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਝੱਜਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਜ਼ਖਮੀ ਔਰਤਾਂ ਦਾ ਇਲਾਜ ਰੋਹਤਕ ਪੀ. ਜੀ. ਆਈ. ਵਿਚ ਚੱਲ ਰਿਹਾ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕਾ ਦੇ ਪਤੀ ਮਹਾਵੀਰ ਦੀ ਸ਼ਿਕਾਇਤ ਉਤੇ ਟ੍ਰੈਕਟਰ ਡਰਾਈਵਰ ਖ਼ਿਲਾਫ਼ ਲਾਪ੍ਰਵਾਹੀ ਨਾਲ ਟ੍ਰੈਕਟਰ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਦਾ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀ ਟ੍ਰੈਕਟਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।