ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਦਸੂਹਾ ਵਿੱਚ ਦੇਰ ਰਾਤ ਨੂੰ ਇੱਕ ਤੇਜ਼ ਸਪੀਡ ਕਾਰ ਨੇ ਵੱਖੋ ਵੱਖ ਥਾਵਾਂ ਉਤੇ ਦੋ ਵਿਅਕਤੀਆਂ ਨੂੰ ਟੱਕਰ ਮਾ-ਰ ਦਿੱਤੀ। ਇਸ ਹਾਦਸੇ ਵਿਚ ਦੋਵਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਦਸੂਹਾ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਉਮਰ 29 ਸਾਲ ਵਾਸੀ ਪਿੰਡ ਕਾਲੋਵਾਲ ਅਤੇ ਦੂਜੇ ਦੀ ਪਹਿਚਾਣ ਬਖਸ਼ੀ ਰਾਮ ਉਮਰ 70 ਸਾਲ ਵਾਸੀ ਪਿੰਡ ਬਲਗਾਨ ਦੇ ਰੂਪ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦਸੂਹਾ ਸਿਵਲ ਹਸਪਤਾਲ ਰੋਡ ਉਤੇ ਸਥਿਤ ਇੱਕ ਨਿੱਜੀ ਏ. ਟੀ. ਐਮ. ਤੋਂ ਪੈਸੇ ਕਢਵਾਉਣ ਲਈ ਗਿਆ ਸੀ।
ਜਿਵੇਂ ਹੀ ਉਹ ਪੈਸੇ ਕਢਵਾ ਕੇ ਮੁੱਖ ਸੜਕ ਪਾਰ ਕਰਨ ਲੱਗਿਆ ਤਾਂ ਪਿੱਛੇ ਤੋਂ ਆ ਰਹੀ ਤੇਜ਼ ਸਪੀਡ ਕਾਰ ਨੇ ਉਸ ਨੂੰ ਦਰੜ ਦਿੱਤਾ। ਗੱਲਾਂ ਕਰਦੇ ਹੋਏ ਕਾਰ ਡਰਾਈਵਰ ਨੇ ਤੇਜ਼ ਰਫ਼ਤਾਰ ਕਾਰ ਨੂੰ ਦਸੂਹਾ ਬਲਾਗਨ ਰੋਡ ਵੱਲ ਮੋੜ ਲਿਆ ਤਾਂ
ਸਿਰਫ਼ ਦੋ ਕਿਲੋਮੀਟਰ ਦੀ ਦੂਰੀ ਉਤੇ ਹੀ ਕਾਰ ਡਰਾਈਵਰ ਖੇਤਾਂ ਨੂੰ ਪਾਣੀ ਲਾ ਕੇ ਘਰ ਪਰਤ ਰਹੇ 70 ਸਾਲ ਉਮਰ ਦੇ ਬਜ਼ੁਰਗ ਬਖਸ਼ੀ ਰਾਮ ਨੂੰ ਲ-ਤਾ-ੜ-ਦਾ ਹੋਇਆ ਅੱਗੇ ਨਿਕਲ ਗਿਆ। ਇਸ ਹਾਦਸੇ ਤੋਂ ਬਾਅਦ ਰਾਹਗੀਰਾਂ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਦੇ ਨਾਲ ਦੋਵਾਂ ਜਖਮੀਆਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਦੇਹਾਂ ਨੂੰ ਪੋਸਟ ਮਾਰਟਮ ਲਈ ਭੇਜਿਆ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਕਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦੋਵਾਂ ਦੇ ਪਰਿਵਾਰ ਵਾਲਿਆਂ ਦੇ ਬਿਆਨ ਲੈ ਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਦੋਵਾਂ ਦੀਆਂ ਦੇਹਾਂ ਨੂੰ ਦਸੂਹਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਦੋਵਾਂ ਦੀਆਂ ਦੇਹਾਂ ਪੋਸਟ ਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।