ਪੈਲੇਸ ਤੋਂ ਘਰ ਆਉਂਦੇ ਸਮੇਂ, ਦਾਦੇ ਅਤੇ ਪੋਤੇ ਨਾਲ ਵਾਪਰਿਆ ਹਾਦਸਾ, ਦੋਵਾਂ ਨੇ ਮੌਕੇ ਉਤੇ ਤਿਆਗੇ ਪ੍ਰਾਣ, ਪਰਿਵਾਰ ਸਦਮੇ ਵਿਚ

Punjab

ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਵਿਚ ਮਹਿੰਦਰਾ ਐਕਸ. ਯੂ. ਵੀ. ਕਾਰ ਆਪਣਾ ਸੰਤੁਲਨ ਗੁਆ ਕੇ ਸਫੈਦੇ ਦੇ ਦਰੱਖਤ ਨਾਲ ਜਾ ਕੇ ਟਕਰਾ ਗਈ। ਇਸ ਹਾਦਸੇ ਵਿਚ ਦਾਦਾ ਅਤੇ ਪੋਤੇ ਦੀ ਮੌ-ਤ ਹੋ ਗਈ। ਜਦੋਂ ਕਿ ਦਾਦੀ ਅਤੇ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪੋਤੀ ਦੇ ਵਿਆਹ ਤੋਂ ਬਾਅਦ ਮੈਰਿਜ ਪੈਲੇਸ ਤੋਂ ਘਰ ਨੂੰ ਜਾਂਦੇ ਸਮੇਂ ਵਾਪਰਿਆ ਹੈ। ਜ਼ਖਮੀ ਲੋਕਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਮੁਤਾਬਕ ਦਾਦਾ ਫੌਜ ਤੋਂ ਸੇਵਾਮੁਕਤ ਕੈਪਟਨ ਸਨ। ਪੋਤਰਾ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਿਹਾ ਸੀ। ਉਹ ਛੁੱਟੀ ਲੈ ਕੇ ਭੈਣ ਦੇ ਵਿਆਹ ਉਤੇ ਆਇਆ ਹੋਇਆ ਸੀ।

ਪੈਲੇਸ ਤੋਂ ਜਾ ਰਹੇ ਸਨ ਘਰ

ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਸੁਰਿੰਦਰ ਸਿੰਘ ਕਟੋਚ ਨੇ ਦੱਸਿਆ ਹੈ ਕਿ ਉਹ ਪਿੰਡ ਸੈਚ, ਥਾਣਾ ਸਦਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਉਨ੍ਹਾਂ ਦੀ ਧੀ ਸਪਨਾ ਕਟੋਚ ਦਾ ਵਿਆਹ ਬੀਤੀ ਰਾਤ ਵਿਕਰਮ ਪੈਲੇਸ ਵਿਚ ਹੋਇਆ। ਅੱਜ ਸਵੇਰੇ ਉਸ ਦਾ ਲੜਕਾ ਸਾਹਿਲ ਕਟੋਚ, ਮਾਤਾ ਵੇਦ ਕਮਾਰੀ ਅਤੇ ਪਿਤਾ ਰੋਸ਼ਨ ਲਾਲ, ਪਰਿਵਾਰ ਕਾਰ ਵਿੱਚ ਬੈਠ ਕੇ ਪਿੰਡ ਉਮਰਪੁਰ ਥਾਣਾ ਮੁਕੇਰੀਆ ਜਾ ਰਹੇ ਸਨ।

ਆਵਾਰਾ ਪਸ਼ੂ ਕਾਰਨ ਕਾਰ ਦਾ ਸੰਤੁਲਨ ਵਿਗੜਿਆ

ਜਦੋਂ ਉਨ੍ਹਾਂ ਦੀ ਕਾਰ ਹਰਿਆਣਾ ਕਸਬੇ ਨੇੜੇ ਪੁੱਜੀ ਤਾਂ ਇੱਕ ਅਵਾਰਾ ਜਾਨਵਰ ਦੇ ਅੱਗੇ ਆਉਣ ਕਾਰਨ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਦਰੱਖਤ ਨਾਲ ਟਕਰਾ ਗਈ। ਜਿਸ ਕਾਰਨ ਉਸ ਦੇ ਲੜਕੇ ਸਾਹਿਲ ਕਟੋਚ ਅਤੇ ਪਿਤਾ ਰੋਸ਼ਨ ਲਾਲ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਉਸ ਦੀ ਮਾਤਾ ਵੇਦ ਕੁਮਾਰੀ ਅਤੇ ਭਾਣਜਾ ਯੁਵਰਾਜ ਸਿੰਘ ਗੰਭੀਰ ਜ਼ਖਮੀ ਹੋ ਗਏ।

ਜਲੰਧਰ ਕੀਤੇ ਰੈਫਰ

ਜਿਨ੍ਹਾਂ ਨੂੰ ਕਿਸੇ ਰਾਹਗੀਰ ਦੀ ਮਦਦ ਨਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਸ ਦੇ ਭਾਣਜੇ ਯੁਵਰਾਜ ਨੂੰ ਜਲੰਧਰ ਰੈਫਰ ਕਰ ਦਿੱਤਾ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਉਤੇ ਪਹੁੰਚ ਗਈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *