ਅਮਰੀਕਾ ਤੋਂ ਪਰਤੇ ਨੌਜਵਾਨ ਨਾਲ ਵਾਪਰਿਆ ਹਾਦਸਾ, ਤਿਆਗੇ ਪ੍ਰਾਣ, ਸਪੋਰਟਸ ਮੋਟਰਸਾਈਕਲ ਉਤੇ ਨਾਲ ਸਵਾਰ ਦੋਸਤ ਗੰਭੀਰ ਜ਼ਖਮੀ

Punjab

ਪੰਜਾਬ ਦੇ ਜਲੰਧਰ ਜਿਲ੍ਹੇ ਵਿਚ ਨੈਸ਼ਨਲ ਹਾਈਵੇ ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਅਮਰੀਕਾ ਤੋਂ ਪੰਜਾਬ ਆਏ ਇਕ ਵਿਅਕਤੀ ਦੀ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਕਰਨਜੋਤ ਸਿੰਘ ਉਮਰ 37 ਸਾਲ ਵਾਸੀ ਵਿਵੇਕ ਵਿਹਾਰ, ਮਕਸੂਦਾਂ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਕਰਨਜੋਤ ਸਿੰਘ ਦੀ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

ਇਸ ਦੌਰਾਨ ਕਰਨਜੋਤ ਸਿੰਘ ਦੇ ਦੋਸਤ ਸੌਰਵ ਵਾਸੀ ਨੰਦਨਪੁਰ ਦਾ ਹਾਲ ਨਾਜ਼ੁਕ ਬਣਿਆ ਹੋਇਆ ਹੈ। ਜਿਸ ਦਾ ਹੁਸ਼ਿਆਰਪੁਰ ਤੋਂ ਜਲੰਧਰ ਹਾਈਵੇ ਉਤੇ ਸਥਿਤ ਜੌਹਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਮ੍ਰਿਤਕ ਕਰਨਜੋਤ ਸਿੰਘ ਦੀ ਮਾਂ ਸੁਖਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਆਈ. ਪੀ. ਸੀ. ਦੀ ਧਾਰਾ 304 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਫਗਵਾੜਾ ਤੋਂ ਜਲੰਧਰ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ

ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਵਾਪਰੇ ਇਸ ਹਾਦਸੇ ਤੋਂ ਬਾਅਦ ਰੋਡ ਸੇਫਟੀ ਫੋਰਸ ਮੌਕੇ ਉਤੇ ਪਹੁੰਚ ਗਈ ਸੀ। ਜਿਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਜਲੰਧਰ ਕੈਂਟ ਦੇ ਏ. ਐਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਕਰਨਜੋਤ ਸਿੰਘ ਆਪਣੀ ਸਪੋਰਟਸ ਮੋਟਰਸਾਈਕਲ ਉਤੇ ਫਗਵਾੜਾ ਤੋਂ ਜਲੰਧਰ ਸ਼ਹਿਰ ਵੱਲ ਜਾ ਰਿਹਾ ਸੀ। ਉਸ ਸਮੇਂ ਉਸ ਦੇ ਨਾਲ ਸੌਰਵ ਵੀ ਮੋਟਰਸਾਈਕਲ ਉਤੇ ਸਵਾਰ ਸੀ।

ਜਦੋਂ ਦੋਵੇਂ ਪਰਾਗਪੁਰ ਨੇੜੇ ਪਹੁੰਚੇ ਤਾਂ ਕਿਸੇ ਅਣ-ਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਘਟਨਾ ਸੋਮਵਾਰ ਤੋਂ ਐਤਵਾਰ ਦੀ ਰਾਤ ਨੂੰ ਕਰੀਬ 1 ਵਜੇ ਵਾਪਰੀ ਹੈ।

ਕੁਝ ਸਮਾਂ ਪਹਿਲਾਂ ਹੀ ਅਮਰੀਕਾ ਤੋਂ ਪਰਤਿਆ ਸੀ ਮ੍ਰਿਤਕ

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਇਆ ਸਪੋਰਟਸ ਮੋਟਰਸਾਈਕਲ ਕਰਨਜੋਤ ਸਿੰਘ ਦਾ ਸੀ। ਜਿਸ ਨੂੰ ਪੁਲਿਸ ਨੇ ਕਬਜੇ ਵਿੱਚ ਲੈ ਲਿਆ ਹੈ। ਏ. ਐਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਕਰਨਜੋਤ ਸਿੰਘ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਤੋਂ ਪਰਤਿਆ ਸੀ। ਕਰਨਜੋਤ ਸਿੰਘ ਸ਼ਾਦੀਸ਼ੁਦਾ ਸੀ ਪਰ ਉਸ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ।

ਏ. ਐਸ. ਆਈ. ਗੁਰਦੀਪ ਨੇ ਦੱਸਿਆ ਕਿ ਦੇਹ ਪੋਸਟ ਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਫਿਲਹਾਲ ਦੋਸ਼ੀਆਂ ਦੀ ਪਹਿਚਾਣ ਕਰਨ ਲਈ ਹਾਈਵੇਅ ਉਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਚੌਕੀ ਪਰਾਗਪੁਰ ਦੇ ਇੰਚਾਰਜ ਹੀਰਾ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *