ਜਿਲ੍ਹਾ ਸੰਗਰੂਰ (ਪੰਜਾਬ) ਗ੍ਰਾਮੀਣ ਬੈਂਕ ਵਿੱਚ ਬਤੌਰ ਮੈਨੇਜਰ ਤਾਇਨਾਤ ਗੋਬਿੰਦ ਨਗਰੀ ਦੇ ਰਹਿਣ ਵਾਲੇ ਨੌਜਵਾਨ ਦੀ ਬੀਤੀ ਰਾਤ ਘਰ ਪਰਤਦੇ ਸਮੇਂ ਪਿੰਡ ਪੱਕੀ ਟਿੱਬੀ ਨੇੜੇ ਸੜਕ ਹਾਦਸੇ ਵਿੱਚ ਮੌ-ਤ ਹੋ ਗਈ। ਜਿਸ ਦੀ ਦੇਹ ਨੂੰ ਪੁਲਿਸ ਵਲੋਂ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਇਸ ਮਾਮਲੇ ਵਿਚ ਅਬੋਹਰ ਸਦਰ ਥਾਣਾ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਗੋਬਿੰਦ ਨਗਰੀ ਦੇ ਰਹਿਣ ਵਾਲੇ ਵਿਕਰਮ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਗੋਬਿੰਦ ਨਗਰੀ ਦੇ ਰਹਿਣ ਵਾਲੇ ਕ੍ਰਿਸ਼ਨ ਲਾਲ ਦਾ ਪੁੱਤਰ ਵਿਕਰਮ ਉਮਰ ਕਰੀਬ 30 ਸਾਲ, ਸੰਗਰੂਰ ਗ੍ਰਾਮੀਣ ਬੈਂਕ ਵਿੱਚ ਬਤੌਰ ਮੈਨੇਜਰ ਵਜੋਂ ਤਾਇਨਾਤ ਸੀ। ਸ਼ਿਵ-ਰਾਤਰੀ ਮੌਕੇ ਛੁੱਟੀ ਹੋਣ ਕਾਰਨ ਬੀਤੀ ਰਾਤ ਉਹ ਆਪਣੀ ਸਵਿਫਟ ਕਾਰ ਵਿੱਚ ਘਰ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ਪੱਕੀ ਟਿੱਬੀ ਨੇੜੇ ਪਹੁੰਚਿਆ ਤਾਂ ਉਸ ਦੀ ਕਾਰ ਨੂੰ ਅਣ-ਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ।
ਇਸ ਹਾਦਸੇ ਦੌਰਾਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਥੇ ਮੌਜੂਦ ਨੇੜਲੇ ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਸੂਚਿਤ ਕੀਤਾ। ਜਿਸ ਉਤੇ ਐਂਬੂਲੈਂਸ ਡਰਾਈਵਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਿਆ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਦੇ ਗੁਆਂਢੀ ਦੇ ਨਿਰਦੇਸ਼ਾਂ ਉਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰਮਿਲ ਕਾਲਾਨੀ, ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਪ੍ਰਧਾਨ ਰਾਜੂ ਚਰਾਇਆ, ਕਮੇਟੀ ਮੈਂਬਰ ਸੋਨੂੰ ਅਤੇ ਮੋਨੂੰ ਗਰੋਵਰ ਵੀ ਉਥੇ ਪਹੁੰਚ ਗਏ।
ਫਰੀਦਕੋਟ ਕੀਤਾ ਰੈਫਰ, ਰਸਤੇ ਵਿਚ ਤੋੜਿਆ ਦਮ
ਜਿਥੇ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਵਿਕਰਮ ਦਾ ਹਾਲ ਗੰਭੀਰ ਹੋਣ ਦੇ ਕਾਰਨ ਉਸ ਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ। ਪਰ ਪਰਿਵਾਰ ਵਾਲੇ ਉਸ ਨੂੰ ਸ਼੍ਰੀਗੰਗਾਨਗਰ ਲੈ ਗਏ। ਇਸ ਦੌਰਾਨ ਵਿਕਰਮ ਦੀ ਰਸਤੇ ਵਿੱਚ ਹੀ ਮੌ-ਤ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਗੁਆਂਢੀ ਪ੍ਰਮਿਲ ਕਾਲਾਨੀ ਨੇ ਦੱਸਿਆ ਕਿ ਵਿਕਰਮ ਅਜੇ ਅਣ-ਵਿਆਹਿਆ ਸੀ ਅਤੇ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਘਰ ਆ ਰਿਹਾ ਸੀ ਮੈਨੇਜਰ
ਦੱਸਿਆ ਜਾ ਰਿਹਾ ਹੈ ਕਿ ਹਾਲ ਵਿੱਚ ਹੀ ਉਨ੍ਹਾਂ ਨੇ ਇਕ ਘਰ ਬਣਾਇਆ ਸੀ। ਪਹਿਲਾਂ ਉਹ ਸ਼ਨੀਵਾਰ ਨੂੰ ਘਰ ਆਉਂਦਾ ਸੀ ਪਰ ਸ਼ੁੱਕਰਵਾਰ ਸ਼ਿਵਰਾਤਰੀ ਦੀ ਛੁੱਟੀ ਹੋਣ ਦੇ ਕਾਰਨ ਉਹ ਵੀਰਵਾਰ ਸ਼ਾਮ ਨੂੰ ਹੀ ਘਰ ਪਰਤ ਰਿਹਾ ਸੀ। ਉਸ ਨਾਲ ਘਰ ਪਰਤਦੇ ਸਮੇਂ ਇਹ ਹਾਦਸਾ ਵਾਪਰ ਗਿਆ। ਜਿਸ ਕਾਰਨ ਖੁਸ਼ੀ ਗਮੀ ਵਿੱਚ ਬਦਲ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਕਰਮ ਦਾ ਇੱਕ ਭਰਾ ਵੀ ਬੈਂਕ ਆਫ ਬੜੌਦਾ ਵਿੱਚ ਕੰਮ ਕਰਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।