ਨਵਾਂਸ਼ਹਿਰ (ਪੰਜਾਬ) ਬੰਗਾ ਫਗਵਾੜਾ ਮੁੱਖ ਮਾਰਗ ਦੇ ਉਤੇ ਕਸਬਾ ਬਹਿਰਾਮ ਸਥਿਤ ਨੈਸ਼ਨਲ ਟੋਲ ਪਲਾਜ਼ਾ ਤੇ ਟਰੱਕ ਦੀ ਲ-ਪੇ-ਟ ਵਿਚ ਆਉਣ ਕਾਰਨ ਇਕ 32 ਸਾਲ ਉਮਰ ਦੇ ਟੋਲ ਕਰਮਚਾਰੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਮਾਮਲੇ ਸਬੰਧੀ ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਨੂੰ ਇੱਕ ਟਰੱਕ ਨੰਬਰ (ਪੀ.ਬੀ. 10 ਸੀ.ਐਲ. 6325) ਜੋ ਕਿ ਫਗਵਾੜਾ ਤੋਂ ਬੰਗਾ ਵੱਲ ਨੂੰ ਆ ਰਿਹਾ ਸੀ, ਜਿਵੇਂ ਹੀ ਡਰਾਈਵਰ ਉਕਤ ਟਰੱਕ ਨੂੰ ਲੈ ਕੇ ਇਸ ਟੋਲ ਪਲਾਜ਼ਾ ਉਤੇ ਪਹੁੰਚਿਆ ਤਾਂ ਉਸ ਨੇ ਟੋਲ ਕਟਾਏ ਬਿਨਾਂ ਜ਼ਬਰ-ਦਸਤੀ ਟੋਲ ਤੋਂ ਲੰਘਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਟੋਲ ਕਰਮਚਾਰੀ ਸੁਸ਼ੀਲ ਕੁਮਾਰ ਬੰਗੜ ਉਰਫ ਬਿੱਲਾ ਉਮਰ 32 ਸਾਲ ਪੁੱਤਰ ਰੌਣਕੀ ਰਾਮ ਵਾਸੀ ਬੰਗਾ ਟਰੱਕ ਦੇ ਹੇ-ਠਾਂ ਆ ਗਿਆ। ਇਸ ਦੌਰਾਨ ਟਰੱਕ ਡਰਾਈਵਰ ਟੋਲ ਬੈਰੀਅਰ ਨੂੰ ਤੋੜ ਕੇ ਮੌਕੇ ਤੋਂ ਫਰਾਰ ਹੋ ਗਿਆ।
ਇਸ ਦੌਰਾਨ ਟਰੱਕ ਦੇ ਹੇਠਾਂ ਆਏ ਕਰਮਚਾਰੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਹਾਦਸੇ ਦੀ ਸੂਚਨਾ ਟੋਲ ਕੰਪਨੀ ਅਤੇ ਮੈਨੇਜਰ ਕੈਲਾਸ਼ ਕੁਮਾਰ ਨੇ ਥਾਣਾ ਬਹਿਰਾਮ ਦੀ ਪੁਲਿਸ ਨੂੰ ਦਿੱਤੀ, ਜੋ ਸੂਚਨਾ ਮਿਲਦੇ ਸਾਰ ਹੀ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਮ੍ਰਿਤਕ ਸੁਸ਼ੀਲ ਕੁਮਾਰ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ CCTV ਫੁਟੇਜ ਵਿਚ ਕੈਦ ਹੋਈ ਘ-ਟ-ਨਾ ਨੂੰ ਦੇਖ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਹਿਰਾਮ ਪੁਲਿਸ ਵੱਲੋਂ ਕੀਤੀ ਕਾਰਵਾਈ ਦੇ ਦੌਰਾਨ ਪੁਲਿਸ ਨੇ ਰੂਪਨਗਰ ਨੇੜੇ ਟਰੱਕ ਸਮੇਤ ਮੌਕੇ ਤੋਂ ਫਰਾਰ ਹੋਏ ਟਰੱਕ ਡਰਾਈਵਰ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੇਰ ਰਾਤ ਨੂੰ ਇਸ ਹਾਦਸੇ ਵਿਚ ਮ੍ਰਿਤਕ ਸੁਸ਼ੀਲ ਕੁਮਾਰ ਦੇ ਪਿਤਾ ਰੌਣਕੀ ਰਾਮ ਅਤੇ ਮਾਮਾ ਰਾਜ ਪਾਲ ਨੇ ਦੱਸਿਆ ਹੈ ਕਿ ਪੂਰੇ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਭਾਵੇਂ ਉਨ੍ਹਾਂ ਦਾ ਬੇਟਾ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ, ਪਰ ਅਸੀਂ ਲੋੜਵੰਦਾਂ ਨੂੰ ਉਸ ਦੀਆਂ ਅੱਖਾਂ ਦਾਨ ਕਰਕੇ ਉਨ੍ਹਾਂ ਦੀ ਜ਼ਿੰਦਗੀ ਵਿਚੋਂ ਹਨੇਰਾ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਉਹ ਅੱਖਾਂ ਦਾਨ ਕਰਨ ਵਾਲੀ ਸੰਸਥਾ ਦੇ ਸਹਿਯੋਗ ਨਾਲ ਆਪਣੇ ਪੁੱਤਰ ਦੀਆਂ ਅੱਖਾਂ ਕਿਸੇ ਲੋੜਵੰਦ ਵਿਅਕਤੀ ਨੂੰ ਦਾਨ ਕਰਨਗੇ।