ਜਿਲ੍ਹਾ ਮਾਲੇਰਕੋਟਲਾ (ਪੰਜਾਬ) ਬੀਤੀ ਰਾਤ ਕਰੀਬ 11.15 ਵਜੇ ਮਲੇਰਕੋਟਲਾ ਤੋਂ ਖੰਨਾ ਮੁੱਖ ਮਾਰਗ ਉਤੇ ਪੈਂਦੇ ਪਿੰਡ ਰਾਣਵਾਂ ਕੋਲ ਵਾਪਰੇ ਇਕ ਸੜਕ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਦੀ ਮੌ-ਤ ਹੋ ਗਈ ਅਤੇ ਦੋ ਨੌਜਵਾਨ ਜ਼ਖ਼ਮੀ ਹੋ ਗਏ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ ਤੋਂ ਮਲੇਰਕੋਟਲਾ ਵੱਲ ਆ ਰਹੀ ਇੱਕ ਸਕੋਡਾ ਕਾਰ ਵਿਚ ਸਵਾਰ 5 ਦੋਸਤ ਮੋਹਾਲੀ ਤੋਂ ਮਾਲੇਰਕੋਟਲਾ ਵਾਪਸ ਆ ਰਹੇ ਸਨ ਕਿ ਅਚਾਨਕ ਪਿੰਡ ਰਾਣਵਾਂ ਕੋਲ ਪਹੁੰਚਣ ਉਤੇ ਕਾਰ ਦੀ ਡਰਾਈਵਰ ਸਾਈਡ ਦਾ ਅਗਲਾ ਟਾਇਰ ਫਟਣ ਕਾਰਨ ਕਾਰ ਸੰਤੁਲਨ ਗੁਆ ਬੈਠੀ ਅਤੇ ਬੇਕਾਬੂ ਹੋ ਕੇ ਪ-ਲ-ਟੀ-ਆਂ ਖਾਂਦੀ ਕਾਫੀ ਦੂਰੀ ਉਤੇ ਚਲੀ ਗਈ। ਇਸ ਦੌਰਾਨ ਕਾਰ ਵਿਚ ਸਵਾਰ ਚਾਰ ਨੌਜਵਾਨ ਕਾਰ ਵਿਚੋਂ ਬੁੜਕ ਕੇ ਬਾਹਰ ਸੜਕ ਉਤੇ ਡਿੱਗ ਗਏ।
ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ 5 ਨੌਜਵਾਨਾਂ ਵਿੱਚ ਸਿਮਰਨਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਮਨਵੀਰ ਸਿੰਘ ਪੁੱਤਰ ਦਵਿੰਦਰ ਸਿੰਘ ਦੋਵੇਂ ਵਾਸੀ ਪਿੰਡ ਗੁਆਰਾ ਜ਼ਿਲ੍ਹਾ ਮਾਲੇਰਕੋਟਲਾ, ਅਲੀਸ਼ਾਨ ਪੁੱਤਰ ਮੁਹੰਮਦ ਰਮਜ਼ਾਨ ਜਾਨੂ ਵਾਸੀ ਮੁਹੱਲਾ ਅਜ਼ੀਮਪੁਰਾ ਮਾਲੇਰਕੋਟਲਾ, ਉਮੈਰ ਅਸਲਮ ਪੁੱਤਰ ਮੁਹੰਮਦ ਅਸਲਮ ਵਾਸੀ ਮੁਹੱਲਾ ਜਮਾਲਪੁਰਾ ਮਲੇਰਕੋਟਲਾ ਅਤੇ ਪ੍ਰਭਸਿਮਰਨ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਦਹੇੜੂ (ਖੰਨਾ) ਸ਼ਾਮਲ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਮਲੇਰਕੋਟਲਾ ਹਸਪਤਾਲ ਪਹੁੰਚਦੇ ਹੀ ਸਿਮਰਨਜੀਤ ਸਿੰਘ ਅਤੇ ਅਲੀਸ਼ਾਨ ਦੀ ਮੌ-ਤ ਹੋ ਗਈ, ਜਦੋਂ ਕਿ ਉਮੈਰ ਅਸਲਮ ਦੀ ਲੁਧਿਆਣਾ ਲਿਜਾਂਦੇ ਸਮੇਂ ਰਸਤੇ ਵਿਚ ਮੌ-ਤ ਹੋ ਗਈ। ਇਸ ਹਾਦਸੇ ਵਿੱਚ ਜ਼ਖਮੀ ਮਨਵੀਰ ਸਿੰਘ ਗੁਆਰਾ ਨੂੰ ਦਯਾਨੰਦ ਹਸਪਤਾਲ ਲੁਧਿਆਣਾ ਅਤੇ ਪ੍ਰਭਸਿਮਰਨ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਦੋਵਾਂ ਜ਼ਖ਼ਮੀਆਂ ਦੀ ਦੇਖਭਾਲ ਕਰ ਰਹੇ ਵਾਰਸਾਂ ਅਨੁਸਾਰ ਉਨ੍ਹਾਂ ਦਾ ਹਾਲ ਨਾਜ਼ੁਕ ਬਣਿਆ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀਆਂ ਨੇ ਮੌਕੇ ਉਤੇ ਪਹੁੰਚ ਕੇ ਤੁਰੰਤ ਥਾਣਾ ਅਹਿਮਦਗੜ੍ਹ ਦੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਮ੍ਰਿਤਕਾਂ ਸਮੇਤ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਪਹੁੰਚਾਇਆ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਅਹਿਮਦਗੜ੍ਹ ਦੇ ਸਹਾਇਕ ਐਸ. ਐਚ. ਓ. ਗੁਰਮੀਤ ਸਿੰਘ ਅਨੁਸਾਰ ਮ੍ਰਿਤਕ ਨੌਜਵਾਨ ਸਿਮਰਨਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਗੁਆਰਾ ਦੇ ਬਿਆਨਾਂ ਉਤੇ ਕਾਰਵਾਈ ਕੀਤੀ ਜਾ ਰਹੀ ਹੈ।