ਜਿਲ੍ਹਾ ਗੁਰਦਾਸਪੁਰ (ਪੰਜਾਬ) ਬਟਾਲਾ ਕਾਦੀਆ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਦੇਹ ਸੋਮਵਾਰ ਨੂੰ ਨਾਲੇ ਵਿੱਚੋਂ ਮਿਲਣ ਤੋਂ ਬਾਅਦ ਡਰ ਦਾ ਮਹੌਲ ਬਣ ਗਿਆ। ਇਹ ਵਿਅਕਤੀ ਇਕ ਦਿਨ ਪਹਿਲਾਂ ਘਰੋਂ ਲਾਪਤਾ ਹੋ ਗਿਆ ਸੀ। ਦੇਹ ਮਿਲਣ ਤੋਂ ਬਾਅਦ ਜਦੋਂ ਲਾਪਤਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਵਲੋਂ ਆਪਣੇ 24 ਸਾਲ ਉਮਰ ਦੇ ਲੜਕੇ ਦੀ ਪਹਿਚਾਣ ਕੀਤੀ ਗਈ।
ਪਰਿਵਾਰ ਮੁਤਾਬਕ ਸਾਹਿਲ ਦੋ ਦੋਸਤਾਂ ਨਾਲ ਇਕ ਦਿਨ ਪਹਿਲਾਂ ਘਰੋਂ ਗਿਆ ਸੀ। ਕਾਫੀ ਭਾਲ ਕਰਨ ਤੋਂ ਬਾਅਦ ਵੀ ਉਹ ਨਹੀਂ ਮਿਲਿਆ। ਜਦੋਂ ਕਿ ਸੋਮਵਾਰ ਨੂੰ ਕਰੀਬ 12 ਵਜੇ ਉਸ ਦੀ ਦੇਹ ਮਿਲਣ ਦੀ ਸੂਚਨਾ ਮਿਲੀ। ਪੁਲਿਸ ਵਲੋਂ ਦੇਹ ਨੂੰ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐਤਵਾਰ ਨੂੰ ਦੁਪਹਿਰੇ ਘਰੋਂ ਗਿਆ ਸੀ ਸਾਹਿਲ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸਾਹਿਲ ਦੀ ਮਾਂ ਨੇ ਦੱਸਿਆ ਕਿ ਐਤਵਾਰ ਨੂੰ ਸਾਹਿਲ ਦੁਪਹਿਰ ਵੇਲੇ ਆਪਣੇ ਦੋ ਦੋਸਤਾਂ ਨਾਲ ਘਰੋਂ ਗਿਆ ਸੀ, ਉਹ ਸ਼ਾਮ ਤੱਕ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਸਾਹਿਲ ਦੀ ਭਾਲ ਸ਼ੁਰੂ ਕੀਤੀ ਗਈ ਪਰ ਉਹ ਕਿਧਰੇ ਵੀ ਨਹੀਂ ਮਿਲਿਆ।
ਬਟਾਲਾ ਰੋਡ ਦੇ ਨਾਲੇ ਵਿਚੋਂ ਮਿਲੀ ਦੇਹ
ਇਸ ਸਬੰਧੀ ਰਾਤ ਨੂੰ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਪਰ ਸੋਮਵਾਰ ਦੁਪਹਿਰ 12 ਵਜੇ ਦੇ ਕਰੀਬ ਬਟਾਲਾ ਰੋਡ ਉਤੇ ਇੱਕ ਸ਼ੈਲਰ ਦੇ ਕੋਲ ਇੱਕ ਨਾਲੇ ਵਿੱਚ ਕਿਸੇ ਦੀ ਦੇਹ ਪਈ ਹੋਣ ਦੀ ਸੂਚਨਾ ਮਿਲੀ। ਜਦੋਂ ਉਹ ਮੌਕੇ ਉਤੇ ਪਹੁੰਚੇ ਤਾਂ ਦੇਹ ਉਸ ਦੇ ਪੁੱਤਰ ਸਾਹਿਲ ਦੀ ਸੀ।
ਮਾਂ ਨੇ ਕਿਹਾ ਕਿ ਉਸ ਨੂੰ ਬਿਲਕੁਲ ਨਹੀਂ ਪਤਾ ਕਿ ਸਾਹਿਲ ਕਿੱਥੇ ਗਿਆ ਸੀ, ਪੁਲਿਸ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਉਸ ਦੇ ਪੁੱਤਰ ਦੇ ਕਾ-ਤ-ਲਾਂ ਨੂੰ ਸਲਾਖਾਂ ਪਿੱਛੇ ਡੱਕਣਾ ਚਾਹੀਦਾ ਹੈ। ਥਾਣਾ ਕਾਦੀਆ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।