ਜਿਲ੍ਹਾ ਜਲੰਧਰ (ਪੰਜਾਬ) ਤੋਂ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ, ਜੋ ਕਿ ਵਿਸ਼ਵ ਭਰ ਵਿੱਚ ਆਪਣੇ ਵਿਲੱਖਣ ਸੇਵਾ ਕਾਰਜਾਂ ਦੇ ਲਈ ਜਾਣੇ ਜਾਂਦੇ ਹਨ। ਡਾ. ਐਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਹਰਦੀਪ ਸਿੰਘ ਉਮਰ 36 ਸਾਲ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਗਿੱਦੜਪਿੰਡੀ, ਜ਼ਿਲ੍ਹਾ ਜਲੰਧਰ, ਤਹਿਸੀਲ ਨਕੋਦਰ ਦੀ ਦੇਹ ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚੀ।
ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਡਾ. ਐਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਦੋ ਮਾਸੂਮ ਜੁਆਕਾਂ ਦਾ ਪਿਤਾ ਹਰਦੀਪ ਸਿੰਘ ਕਰੀਬ ਦੋ ਸਾਲ ਪਹਿਲਾਂ ਪੰਜਾਬ ਦੇ ਹੋਰ ਨੌਜਵਾਨਾਂ ਵਾਂਗ ਆਪਣੇ ਵਧੀਆ ਭਵਿੱਖ ਦਾ ਸੁਪਨਾ ਲੈ ਕੇ ਦੁਬਈ ਵਿਚ ਆਇਆ ਸੀ। ਬੀਤੀ 1 ਅਪ੍ਰੈਲ ਨੂੰ ਦਿਲ ਦਾ ਦੌ-ਰਾ ਪੈ ਜਾਣ ਕਾਰਨ ਉਸ ਦੀ ਮੌ-ਤ ਹੋ ਗਈ। ਇਸ ਮੰਦਭਾਗੀ ਘ-ਟ-ਨਾ ਸਬੰਧੀ ਮ੍ਰਿਤਕ ਦੇ ਪਿੰਡ ਦੇ ਸਰਪੰਚ ਲਾਲ ਚੰਦ ਲਾਲੀ ਅਤੇ ਦੁਬਈ ਰਹਿੰਦੇ ਕੁਝ ਨੌਜਵਾਨਾਂ ਵਲੋਂ ਉਨ੍ਹਾਂ ਨਾਲ ਸੰਪਰਕ ਪੈਦਾ ਕਰਕੇ ਹਰਦੀਪ ਸਿੰਘ ਦੀ ਦੇਹ ਨੂੰ ਭਾਰਤ (ਪੰਜਾਬ) ਭੇਜਣ ਦੇ ਲਈ ਕਿਹਾ ਗਿਆ ਸੀ।
ਪਤਨੀ ਨੂੰ ਲਾਈ ਪੈਨਸ਼ਨ
ਅੱਗੇ ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ ਦੇ ਹੇਠ ਸਾਰੀਆਂ ਜ਼ਰੂਰੀ ਕਾਗਜ਼ਾਂ ਦੀਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਹਰਦੀਪ ਸਿੰਘ ਦੀ ਦੇਹ ਭਾਰਤ (ਪੰਜਾਬ) ਭੇਜ ਦਿੱਤੀ। ਡਾ. ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਮ੍ਰਿਤਕ ਹਰਦੀਪ ਸਿੰਘ ਦੀ ਵਿਧਵਾ ਪਤਨੀ ਨੂੰ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਹਰਦੀਪ ਸਿੰਘ ਦੇ ਪਰਿਵਾਰ ਨੇ ਇਸ ਮਹਾਨ ਉਪਰਾਲੇ ਦੇ ਲਈ ਡਾ. ਐਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਪਰਿਵਾਰ ਹਰਦੀਪ ਸਿੰਘ ਦਾ ਮੂੰਹ ਆਖਰੀ ਵਾਰ ਦੇਖ ਸਕਿਆ ਹੈ ਅਤੇ ਉਸ ਦਾ ਜੱਦੀ ਪਿੰਡ ਵਿਚ ਸਸਕਾਰ ਕਰ ਸਕਿਆ ਹੈ।